ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ

S.A.S Nagar

ਐਸ.ਏ.ਐਸ.ਨਗਰ, 18 ਮਾਰਚ, 2024:

ਡਾ. ਦਵਿੰਦਰ ਕੁਮਾਰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਨਵੇਂ ਸਿਵਲ ਸਰਜਨ ਬਣੇ ਹਨ। ਸੀਨੀਅਰ ਮੈਡੀਕਲ ਅਫ਼ਸਰ ਤੋਂ ਡਿਪਟੀ ਡਾਇਰੈਕਟਰ ਵਜੋਂ ਤਰੱਕੀ ਮਿਲਣ ਮਗਰੋਂ ਮੋਹਾਲੀ ਵਿਖੇ ਉਨ੍ਹਾਂ ਦੀ ਪਹਿਲਾ ਨਿਯੁਕਤੀ ਹੈ। ਉਨ੍ਹਾਂ ਨੇ ਡਾ. ਮਹੇਸ਼ ਕੁਮਾਰ ਆਹੂਜਾ ਦੀ ਥਾਂ ਲਈ ਹੈ, ਜਿਹੜੇ ਪਿਛਲੇ ਦਿਨੀਂ ਸੇਵਾਮੁਕਤ ਹੋ ਗਏ ਸਨ। ਡਾ. ਦਵਿੰਦਰ ਕੁਮਾਰ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਜੀਪੁਰ ਪ੍ਰਾਇਮਰੀ ਹੈਲਥ ਸੈਂਟਰ ’ਚ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੇਵਾਵਾਂ ਦੇ ਰਹੇ ਸਨ। ਸਿਵਲ ਸਰਜਨ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਤੇ ਹੋਰ ਸਟਾਫ਼ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਦਵਿੰਦਰ ਕੁਮਾਰ ਸਿਹਤ ਵਿਭਾਗ ਵਿਚ ਸਾਲ 1993 ਵਿਚ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਏ ਸਨ। ਉਨ੍ਹਾਂ ਦੀ ਪਹਿਲੀ ਨਿਯੁਕਤੀ ਹਾਜੀਪੁਰ ਪ੍ਰਾਇਮਰੀ ਹੈਲਥ ਸੈਂਟਰ ’ਚ ਹੋਈ ਸੀ ਤੇ 2017 ਵਿਚ ਸੀਨੀਅਰ ਮੈਡੀਕਲ ਅਫ਼ਸਰ ਬਣੇ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਆਖਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਅੱਵਲ ਤਰਜੀਹ ਹੈ। ਉਹ ਯਕੀਨੀ ਬਣਾਉਣਗੇ ਕਿ ਸਰਕਾਰੀ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਚੰਗਾ ਇਲਾਜ ਮਿਲੇ। ਉਨ੍ਹਾਂ ਸਮੂਹ ਸਟਾਫ਼ ਨੂੰ ਆਪੋ-ਆਪਣਾ ਕੰਮ ਪੂਰੀ ਲਗਨ, ਮਿਹਨਤ ਅਤੇ ਈਮਾਨਦਾਰੀ ਨਾਲ ਕਰਨ ਲਈ ਆਖਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ, ਸਿਵਲ ਸਰਜਨ ਦੇ ਨਿੱਜੀ ਸਹਾਇਕ ਦਵਿੰਦਰ ਸਿੰਘ, ਹੈਲਥ ਇੰਸਪੈਕਟਰ ਦਿਲਬਾਗÊਸਿੰਘ, ਰਾਜਿੰਦਰ ਸਿੰਘ ਤੇ ਹੋਰ ਅਧਿਕਾਰੀ ਤੇ ਸਟਾਫ਼ ਹਾਜ਼ਰ ਸੀ।