ਸਿਹਤ ਵਿਭਾਗ ਵਲੋਂ ਵੱਖ-ਵੱਖ ਥਾਵਾਂ ਤੇ ਬੂਥ ਲਗਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ

Faridkot

ਫਰੀਦਕੋਟ, 3 ਮਾਰਚ,2024  (            ) ਸਿਹਤ ਵਿਭਾਗ ਫਰੀਦਕੋਟ ਵੱਲੋਂ ਅੱਜ ਜਿਲ੍ਹੇ ਭਰ ਵੱਖ-ਵੱਖ ਥਾਵਾਂ ਤੇ ਬੂਥ ਲਗਾ ਕੇ ਮੁਹਿੰਮ ਦੇ ਪਹਿਲੇ ਦਿਨ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਦਾ ਉਦਘਾਟਨ ਵੱਖ-ਵੱਖ ਥਾਵਾਂ ਤੇ ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ ਚੰਦਰ ਸ਼ੇਖਰ ਕੱਕੜ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾ ਰਾਜੀਵ ਭੰਡਾਰੀ ਨੇ ਬੱਚਿਆਂ ਨੂੰ ਬੂੰਦਾਂ ਪਿਆ ਕੇ ਕੀਤਾ। 

ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲ੍ਹਾ ਫਰੀਦਕੋਟ ਵਿੱਚ 0 ਤੋਂ 5 ਸਾਲ ਦੇ ਕੁੱਲ 57546 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਕਾਰਜ ਨੂੰ ਨੇਪਰੇ ਚਾੜਣ ਲਈ ਵਿਭਾਗ ਵਲੋਂ ਵੱਖ-ਵੱਖ ਵਿਭਾਗਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਸਹਿਯੋਗ ਲਿਆ ਗਿਆ ਹੈ। 

ਉਹਨਾਂ ਦੱਸਿਆ ਕਿ ਅੱਜ ਪਹਿਲੇ ਦਿਨ ਜਿਲ੍ਹੇ ਵਿੱਚ 327 ਥਾਵਾਂ ਤੇ ਬੂਥ ਲਗਾ ਕੇ,  ਰੇਲਵੇ ਸਟੇਸ਼ਨ ਅਤੇ ਬੱਸ ਸਟੈਡ ਉੱਪਰ ਸਫਰ ਕਰ ਰਹੇ ਬੱਚਿਆਂ ਨੂੰ 17 ਟਰਾਂਜਿਟ ਟੀਮਾਂ ਵੱਲੋਂ, ਭੱਠਿਆਂ, ਪਥੇਰਾਂ,ਸੈਲਰਾਂ, ਨਿਰਮਾਣ ਅਧੀਨ ਇਮਾਰਤਾਂ ਆਦਿ ਤੇ ਮੌਜੂਦ ਬੱਚਿਆ ਨੂੰ ਜਿਲੇ ਵਿੱਚ 13 ਮੋਬਾਈਲ ਟੀਮਾਂ ਵੱਲੋ ਪੋਲੀਓ ਖੁਰਾਕ ਦਿੱਤੀ ਗਈ। 

ਉਹਨਾਂ ਅੱਗੇ ਦੱਸਿਆ ਕਿ ਹੁਣ ਅਗਲੇ ਦੋ ਦਿਨ ਭਾਵ 4 ਅਤੇ 5 ਮਾਰਚ ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਉਣ ਲਈ 565 ਟੀਮਾਂ ਲਗਾਈਆ ਗਈਆ ਹਨ। ਪੋਲੀਓ ਟੀਮਾਂ ਦੀ ਸੁਪਰਵੀਜਨ ਲਈ 62 ਸੁਪਰਵਾਈਜਰ ਲਗਾਏ ਗਏ ਹਨ ਇਸ ਮੁਹਿੰਮ ਤਹਿਤ 1245 ਵੈਕਸੀਨੇਟਰ(ਟੀਕਾ ਲਗਾਉਣ ਵਾਲੇ) ਲਗਾਏ ਗਏ ਹਨ ਜਿਨਾ ਵਿੱਚ ਏ.ਐਨ.ਐਮ, ਮਲਟੀਪਰਪਜ ਹੈਲਥ ਵਰਕਰ (ਮੇਲ), ਆਸ਼ਾ ਵਰਕਰ, ਆਂਗਣਵਾੜੀ ਵਰਕਰ ਆਦਿ ਤੋ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਂਵਾ ਦੇ ਨੁਮਾਇੰਦੇ ਵੀ ਹਰੇਕ ਪੱਖੋ ਸਿਹਤ ਵਿਭਾਗ ਨੂੰ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। 

ਇਸ ਮੌਕੇ ਡਾ ਅਵਤਾਰਜੀਤ ਸਿੰਘ ਗੋਂਦਾਰਾ, ਡਾ. ਮੇਘਾ ਪ੍ਰਕਾਸ਼ ਡਬਲਿਓ ਐਚ ਓ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ, ਕਰਮਚਾਰੀ, ਆਸ਼ਾ ਵਰਕਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।