ਮੋਗਾ, 27 ਫਰਵਰੀ – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਵਿਕਾਸ ਨੂੰ ਹੋਰ ਹੁਲਾਰਾ ਦਿੰਦਿਆਂ 76 ਕਿਲੋਮੀਟਰ ਤੋਂ ਵਧੇਰੇ ਲੰਬਾਈ ਵਾਲੀਆਂ ਚਾਰ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕਰੀਬ 45 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਰੱਖਿਆ।
ਇਸ ਸਬੰਧੀ ਪਿੰਡ ਸਮਾਧ ਭਾਈ, ਜਲਾਲਾਬਾਦ, ਧਰਮਕੋਟ ਅਤੇ ਮੋਗਾ ਵਿਖੇ ਰੱਖੇ ਗਏ ਸੰਖੇਪ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ੍ਰ ਹਰਭਜਨ ਸਿੰਘ ਨੇ ਕਿਹਾ ਕਿ ਅੱਜ ਮੋਗਾ ਤੋਂ ਸਮਾਧ ਭਾਈ ਬਾਈਪਾਸ, ਕੋਟ ਈਸੇ ਖਾਂ ਤੋਂ ਗ਼ਾਲਿਬ ਕਲਾਂ, ਧਰਮਕੋਟ ਤੋਂ ਜੋਗੇਵਾਲਾ ਸੜਕ, ਮੋਗਾ ਬਾਈਪਾਸ ਤੋਂ ਮੋਗਾ ਹਰੀਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕਿ ਤਿੰਨ ਮਹੀਨੇ ਵਿੱਚ ਪੂਰੇ ਕੀਤੇ ਜਾਣਗੇ। ਇਹਨਾਂ ਸੜਕਾਂ ਦੀ ਕੁੱਲ ਲੰਬਾਈ 76.24 ਕਿਲੋਮੀਟਰ ਬਣਦੀ ਹੈ, ਜਿਸ ਉੱਤੇ 44.52 ਕਰੋੜ ਰੁਪਏ ਦੀ ਲਾਗਤ ਲੱਗਣੀ ਹੈ। ਇਹਨਾਂ ਸੜਕਾਂ ਨਾਲ ਤਕਰੀਬਨ 60 ਪਿੰਡਾਂ ਦੇ ਲੋਕਾਂ ਨੂੰ ਸਿੱਧੇ ਰੂਪ ਵਿੱਚ ਅਤੇ 100 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਅਸਿੱਧੇ ਤੌਰ ਉੱਤੇ ਫਾਇਦਾ ਹੋਵੇਗਾ। ਨਿਯਮਾਂ ਮੁਤਾਬਿਕ ਇਹ ਸੜਕਾਂ 5 ਸਾਲ ਪਹਿਲਾਂ ਬਣ ਜਾਣੀਆਂ ਚਾਹੀਦੀਆਂ ਸਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਹੁਣ ਇਹ ਸੜਕਾਂ ਬਣਨ ਨਾਲ ਲੋਕਾਂ ਦੀ ਲੰਮੀ ਮੰਗ ਪੂਰੀ ਹੋ ਗਈ ਹੈ। ਇਹਨਾਂ ਸੜਕਾਂ ਦੀ 5 ਸਾਲ ਦੀ ਮੈਂਟੀਨੇਂਸ ਵੀ ਠੇਕੇਦਾਰ ਵੱਲੋਂ ਕੀਤੀ ਜਾਵੇਗੀ।
ਇਸ ਤੋਂ ਬਾਅਦ ਮੋਗਾ ਵਿਖੇ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਵਿੱਚ ਦੋ ਹੋਰ ਮੰਜਿਲਾਂ ਦਾ ਵਾਧਾ ਕੀਤਾ ਜਾਣਾ ਹੈ, ਇਸ ਕੰਮ ਲਈ 11 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਇਹ ਕੰਮ ਵੀ ਜਲਦ ਹੀ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲਾ ਮੋਗਾ ਨੂੰ 3 ਨਵੇਂ 66 ਕੇ ਵੀ ਗ੍ਰਿਡ ਦਿੱਤੇ ਹਨ।
ਸੂਬੇ ਵਿੱਚ ਬਿਜਲੀ ਦੀ ਸਥਿਤੀ ਬਾਰੇ ਸਪੱਸ਼ਟ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਦੇ ਸਦਕਾ ਬਿਜਲੀ ਬੋਰਡ ਅੱਜ ਮੁਨਾਫ਼ੇ ਵਿਚ ਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਜਦੋਂ ਸੱਤਾ ਸੰਭਾਲੀ ਸੀ ਤਾਂ ਉਦੋਂ ਬਿਜਲੀ ਬੋਰਡ 1880 ਕਰੋੜ ਰੁਪਏ ਦੇ ਘਾਟੇ ਵਿੱਚ ਸੀ, ਜਿਸ ਨੂੰ ਇਸ ਘਾਟੇ ਵਿਚੋਂ ਕੱਢ ਕੇ 564 ਕਰੋੜ ਰੁਪਏ ਦੇ ਲਾਭ ਵਿੱਚ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਝਾਰਖੰਡ ਵਿੱਚ ਪਿਛਲੇ 9 ਸਾਲ ਤੋਂ ਕੋਲੇ ਦੀ ਖਾਣ ਬੰਦ ਪਈ ਸੀ, ਜਿਸ ਨੂੰ ਆਪ ਸਰਕਾਰ ਨੇ ਮੁੜ ਸ਼ੁਰੂ ਕੀਤਾ ਹੈ। ਇਸ ਨਾਲ ਬਿਜਲੀ ਬੋਰਡ ਨੂੰ 1200 ਕਰੋੜ ਰੁਪਏ ਦਾ ਲਾਭ ਹੋਇਆ ਹੈ। ਇਸ ਖਾਣ ਦੇ ਚੱਲਣ ਨਾਲ ਸੂਬੇ ਕੋਲ 40 ਦਿਨ ਦਾ ਕੋਲਾ ਹਮੇਸ਼ਾਂ ਵਾਧੂ ਸਟਾਕ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਨਵੇਂ ਸਿਰੇ ਤੋਂ ਸੋਲਰ ਸਮਝੌਤੇ ਕੀਤੇ ਜਾ ਰਹੇ ਹਨ। ਜਿਸ ਨਾਲ ਜਲਦ ਹੀ ਪੰਜਾਬ ਪਾਵਰ ਸਰਪਲਸ ਸੂਬਾ ਬਣ ਜਾਵੇਗਾ। ਹੁਣ ਪੰਜਾਬ ਦੂਜੇ ਸੂਬਿਆਂ ਨੂੰ ਬਿਜਲੀ ਵੇਚਿਆ ਕਰੇਗਾ। ਪਿਛਲੀਆਂ ਸਰਕਾਰਾਂ ਨੇ ਨਿੱਜੀ ਖੇਤਰ ਤੋਂ 18 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਸੀ ਪਰ ਆਪ ਸਰਕਾਰ ਨੇ 2.33 ਰੁਪੈ ਨਾਲ ਬਿਜਲੀ ਖਰੀਦੀ ਹੈ।
ਇਸ ਤੋਂ ਇਲਾਵਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਨਿੱਜੀ ਖੇਤਰ ਦਾ ਥਰਮਲ ਖਰੀਦਿਆ ਹੈ।
ਅਗਾਮੀ ਗਰਮੀ ਦੇ ਮੌਸਮ ਵਿੱਚ ਬਿਜਲੀ ਸਪਲਾਈ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਹੁਣ ਖੇਤੀਬਾੜੀ ਨੂੰ ਨਹਿਰੀ ਪਾਣੀ ਨਾਲ ਜੋੜਿਆ ਜਾ ਰਿਹਾ ਹੈ। ਇਸ ਕਰਕੇ ਪਾਣੀ ਦੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਉਹਨਾਂ ਭਰੋਸਾ ਦਿੱਤਾ ਕਿ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਨੇ ਆਰ ਡੀ ਐੱਫ ਦੇ 5500 ਕਰੋੜ ਰੁਪਏ ਰੋਕੇ ਹੋਏ ਹਨ। ਜਦ ਇਹ ਜਾਰੀ ਹੋ ਗਏ ਤਾਂ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ। ਇਸ ਮੌਕੇ ਡਾਕਟਰ ਅਮਨਦੀਪ ਕੌਰ ਅਰੋੜਾ, ਸ੍ਰ ਮਨਜੀਤ ਸਿੰਘ ਬਿਲਾਸਪੁਰ, ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਆਪਣੇ ਆਪਣੇ ਹਲਕਿਆਂ ਦੀਆਂ ਲੋੜਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸ੍ਰ ਹਰਮਨਦੀਪ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ਼੍ਰੀ ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਸ੍ਰ ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਮੋਗਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ, ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਹੋਰ ਵੀ ਹਾਜ਼ਰ ਸਨ।