ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਸਿਰਜਣਾ ਲਈ ਕਰੀਅਰ ਗਾਈਡੈਂਸ ਸੈਮੀਨਾਰ ਦਾ ਆਯੋਜਨ

Fazilka

ਫਾਜ਼ਿਲਕਾ 26 ਫਰਵਰੀ

ਡਿਪਟੀ ਕਮਿਸ਼ਨਰ ਡਾ. ਸੇਨੁ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ `ਤੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦਫਤਰ ਵੱਲੋਂ ਵਿਦਿਆਰਥੀਆਂ ਨੁੰ ਆਪਣੇ ਚੰਗੇ ਭਵਿੱਖ ਦੇ ਸਿਰਜਣ ਪ੍ਰਤੀ ਕਰੀਅਰ ਗਾਈਡੈਂਸ ਰਾਹੀਂ ਪ੍ਰੇਰਿਤ  ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਬਿਓਰੋ ਆਫ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੈਡਮ ਵੈਸ਼ਾਲੀ ਨੇ ਐਮ.ਆਰ. ਕਾਲਜ ਵਿਖੇ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਪ੍ਰਤੀ ਹੁਣੇ ਤੋਂ ਹੀ ਚਿੰਤਿਤ ਹੋਣਾ ਚਾਹੀਦਾ ਹੈ ਕਿ ਉਹ ਵੱਡੇ ਹੋ ਕੇ ਕਿ ਬਨਣਾ ਚਾਹੁੰਦੇ ਹਨ, ਕਿਸ ਖੇਤਰ ਵੱਲ ਜਾਣਾ ਚਾਹੁੰਦੇ ਹਨ ਅਤੇ ਸਾਡੇ ਅੰਦਰ ਰੂਚੀ ਕੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੁੰ ਧਿਆਨ ਵਿਚ ਰੱਖ ਕੇ ਹੀ ਆਪਣੀ ਕਰੀਅਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਆਲੇ-ਦੁਆਲੇ ਸਮਾਜ ਵਿਚ ਕੀ ਹੋ ਰਿਹਾ ਹੈ, ਇਸ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ।

ਮੈਡਮ ਵੈਸ਼ਾਲੀ ਨੇ ਕਿਹਾ ਕਿ ਹਰੇਕ ਵਿਦਿਆਰਥੀ ਅੰਦਰ ਕਲਾ ਹੁੰਦੀ ਹੈ ਬਸ ਲੋੜ ਹੁੰਦੀ ਹੈ ਉਸ ਕਲਾ/ਹੁਨਰ ਨੁੰ ਪਹਿਚਾਣਨ ਦੀ। ਉਨ੍ਹਾਂ ਕਿਹਾ ਕਿ ਆਪਣੇ ਅੰਦਰ ਦੇ ਹੁਨਰ ਨੂੰ ਪਹਿਚਾਣਦਿਆਂ ਜਿੰਦਗੀ *ਚ ਅਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਜਗਾਰ ਦੇ ਨਾਲ-ਨਾਲ ਵਿਦਿਆਰਥੀ ਵਰਗ ਨੂੰ ਸਵੈ-ਰੋਜਗਾਰ ਦੇ ਕਾਬਲ ਵੀ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਵੈ-ਰੋਜਗਾਰ ਦਾ ਕਾਰੋਬਾਰ ਸ਼ੁਰੂ ਕਰਕੇ ਜਿਥੇ ਖੁਦ ਆਪਣੇ ਪੈਰਾ ਸਿਰ ਖੜਾ ਹੋਇਆ ਜਾ ਸਕਦਾ ਹੈ ਉਥੇ ਆਪਣੇ ਪਰਿਵਾਰ ਦੀ ਆਮਦਨ ਵਿਚ ਸਹਾਰਾ ਬਣ ਸਕਦਾ ਹੈ।

ਇਸ ਮੌਕੇ ਡੇਅਰੀ ਵਿਭਾਗ, ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ, ਜ਼ਿਲ੍ਹਾ ਉਦਯੋਗ ਕੇਂਦਰ, ਜਿਲ੍ਰਾ ਲੀਡ ਬੈਂਕ ਮੈਨੇਜਰ, ਐਸ.ਸੀ. ਕਾਰਪੋਰੇਸ਼ਨ, ਮੱਛੀ ਪਾਲਣ ਵਿਭਾਗ, ਪਸ਼ੂ ਪਾਲਣ ਵਿਭਾਗ, ਬੈਂਕਫਿਕੋਂ, ਸੀ-ਪਾਈਟ ਦੇ ਨੁਮਾਇੰਦਿਆਂ ਵੱਲੋਂ ਆਪੋ-ਆਪਦੇ ਵਿਭਾਗ ਨਾਲ ਸਬੰਧਤ ਸਕੀਮਾਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਗਿਆ।

ਪਲੇਸਮੈਂਟ ਅਫਸਰ ਰਾਜ ਸਿੰਘ ਨੇ ਕਿਹਾ ਕਿ ਰੋਜਗਾਰ ਵਿਭਾਗ ਵੱਲੋਂ ਸਮੇਂ-ਸਮੇਂ *ਤੇ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੋਜਗਾਰ ਵਿਭਾਗ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚੌਥੀ ਮੰਜਲ, ਕਮਰਾ ਨੰਬਰ 502 ਵਿਖੇ ਸਥਿਤ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦਫਤਰ ਫਾਜ਼ਿਲਕਾ ਅਤੇ ਹੈਲਪਲਾਈਨ ਨੰਬਰ 89060-22220 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਪ੍ਰਿੰਸੀਪਲ ਐਮ.ਆਰ. ਕਾਲਜ ਡਾ. ਮਨਜੀਤ ਸਿੰਘ, ਸਿਖਿਆ ਵਿਭਾਗ ਤੋਂ ਵਿਜੈ ਪਾਲ, ਇੰਸਪੈਕਟਰ ਗੁਰਪਾਲ ਸਿੰਘ, ਕਿਰਨ ਕੁਮਾਰ, ਫੰਕਸ਼ਨਲ ਮੈਨੇਜਰ ਨਿਰਵੈਰ ਸਿੰਘ, ਅਮਰਜੀਤ ਸਿੰਘ, ਸਾਹਿਲ, ਲਖਵਿੰਦਰ ਸਿੰਘ, ਹਰਮੰਦਿਰ ਸਿੰਘ ਆਦਿ ਮੌਜੂਦ ਸਨ।