ਮਾਨ ਸਰਕਾਰ ਹੈਮਸ ਤਕਨਾਲੋਜੀ ਨਾਲ ਆਵਾਜਾਈ ਸੇਵਾਵਾਂ ਵਿੱਚ ਬਿਹਤਰ ਪਾਰਦਰਸ਼ਤਾ ਯਕੀਨੀ ਬਣਾਏਗੀ: ਲਾਲਜੀਤ ਸਿੰਘ ਭੁੱਲਰ

Politics Punjab Rupnagar

ਚੰਡੀਗੜ੍ਹ / ਰੂਪਨਗਰ, 28 ਅਪ੍ਰੈਲ:

ਹੈਮਸ ਤਕਨਾਲੋਜੀ ਅਪਣਾਉਣ ਨਾਲ ਪੰਜਾਬ ਦੀਆਂ ਟਰਾਂਸਪੋਰਟ ਸੇਵਾਵਾਂ ‘ਚ ਹੋਰ ਪਾਰਦਰਸ਼ਤਾ ਆਵੇਗੀ ਅਤੇ ਇਹ ਪਾਇਲਟ ਪ੍ਰੋਜੈਕਟ ਲਾਗੂ ਕਰਨ ਉਪਰੰਤ ਸੂਬੇ ਦੇ ਸਾਰੇ ਡਰਾਇਵਿੰਗ ਟੈਸਟ ਟਰੈਕਾਂ ਦੀ ਕਾਰਗੁਜ਼ਾਰੀ ‘ਚ ਜ਼ਿਕਰਯੋਗ ਸੁਧਾਰ ਹੋਵੇਗਾ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਆਰ.ਟੀ.ਓ ਦਫਤਰ ਰੋਪੜ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਡਰਾਇਵਿੰਗ ਟੈਸਟ ਟਰੈਕ ਦੀ ਕਾਰਗੁਜ਼ਾਰੀ ਵਿੱਚ ਵਿੱਚ ਹੋਰ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਲਈ, ਪੰਜਾਬ ਸਰਕਾਰ ਜਲਦ ਹੈਮਸ (ਹਾਰਨੇਸਿੰਗ ਆਟੋਮੋਬਾਈਲ ਫਾਰ ਸੇਫਟੀ) ਆਰਟੀਫੀਸ਼ੀਅਲ ਇੰਟੈਲੀਜੈਂਸ  (ਏ ਆਈ) ਤਕਨੀਕ ਉੱਤੇ ਆਧਾਰਿਤ ਆਟੋਮੇਟਿਡ ਡ੍ਰਾਈਵਰ ਲਾਇਸੈਂਸ ਟੈਸਟ ਸਿਸਟਮ ਵਿਕਸਿਤ ਕਰੇਗੀ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸੜਕ ਹਾਦਸਿਆਂ ਬਾਰੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ਵਿੱਚ ਸੜਕ ਹਾਦਸਿਆਂ ਕਾਰਨ ਹੋਈਆਂ ਮੌਤਾਂ ਵਿਸ਼ਵ ਵਿੱਚ ਸਭ ਤੋਂ ਵੱਧ ਸਨ। ਉਨ੍ਹਾਂ ਕਿਹਾ ਕਿ ਉਪਲਬਧ ਅੰਕੜਿਆਂ ਅਨੁਸਾਰ, ਭਾਰਤ ਵਿੱਚ ਜ਼ਿਆਦਾਤਰ ਸੜਕ ਹਾਦਸੇ ਡਰਾਈਵਰ ਦੀ ਗਲਤੀ ਕਾਰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਧੀਆ ਡਰਾਈਵਿੰਗ ਵਿਵਹਾਰ ਅਤੇ ਹੁਨਰ ਨੂੰ ਯਕੀਨੀ ਬਣਾਉਣਾ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੀ ਕੁੰਜੀ ਹੈ ਅਤੇ ਇਨ੍ਹਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਇਹ ਨਵਾਂ ਉਪਰਾਲਾ ਜਲਦ ਅਮਲ ਵਿੱਚ ਲਿਆਉਂਦਾ ਜਾਵੇਗਾ।

ਕੈਬਿਨੇਟ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਹੈਮਸ ਤਕਨਾਲੋਜੀ ਰਾਹੀਂ ਅੱਖਾਂ ਦੀ ਆਈਰਿਸ ਸਕੈਨ ਵੀ ਕੀਤੀ ਜਾਂਦੀ ਹੈ, ਜਿਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਡ੍ਰਾਈਵਿੰਗ ਟੈਸਟ ਦੇਣ ਵਾਲੇ ਦੀ ਜਗ੍ਹਾ ਕੋਈ ਹੋਰ ਵਿਅਕਤੀ ਨਹੀਂ ਹੈ ਅਤੇ ਇਹ ਤਕਨੀਕ ਬਿਨੈਕਾਰਾਂ ਦੇ ਡਰਾਈਵਿੰਗ ਹੁਨਰ ਨੂੰ ਪਰਖਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

ਸ. ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮੰਤਵ ਆਮ ਲੋਕਾਂ ਸਾਰੀਆਂ ਸਰਕਾਰੀ ਸੇਵਾਵਾਂ ਸਰਲ ਢੰਗ ਅਤੇ ਨਿਰਧਾਰਿਤ ਸਮੇਂ ਵਿੱਚ ਉਪਲਭਦ ਕਰਵਾਉਣਾ ਹੈ ਜਿਸ ਲਈ ਇਸ ਹੈਮਸ ਤਕਨਾਲੋਜੀ ਦੇ ਪਾਇਲਟ ਪ੍ਰੋਜੈਕਟ ਲਾਗੂ ਕਰਨ ਉਪਰੰਤ ਸੂਬੇ ਦੇ ਸਾਰੇ ਟਰੈਕਾਂ ਉੱਤੇ ਇਸ ਨੂੰ ਲਾਗੂ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਨੇ ਅੱਜ ਰੋਪੜ ਦਾ ਟੈਸਟ ਟਰੈਕ ਚੈੱਕ ਕੀਤਾ ਤੇ ਆਰ.ਟੀ.ਓ ਗੁਰਵਿੰਦਰ ਸਿੰਘ ਜੌਹਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਭ੍ਰਿਸ਼ਟਾਚਾਰ ਕਰਦਾ ਹੈ ਅਤੇ ਲੋਕਾਂ ਦੇ ਕੰਮਾਂ ਪ੍ਰਤੀ ਅਣਗਹਿਲੀ ਕਰਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ।

ਕੈਬਿਨੇਟ ਮੰਤਰੀ ਨੇ ਆਰ.ਟੀ.ਓ ਦਫ਼ਤਰ ਵਿਖੇ ਪਹੁੰਚੇ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਮਿਲ ਰਹੀਆਂ ਸੇਵਾਵਾਂ ਬਾਰੇ ਵਿਸਤਾਰ ਨਾਲ ਪੁੱਛਿਆ ਕਿ ਆਪ ਸਭ ਦੇ ਕੰਮ ਕਿਵੇਂ ਹੋ ਰਹੇ ਹਨ ਅਤੇ ਕਿਸੇ ਵੱਲੋਂ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੀ ਮੰਗ ਤਾਂ ਨਹੀਂ ਕੀਤੀ ਜਾਂਦੀ। ਜਿਸ ਸੰਬੰਧ ਵਿੱਚ ਆਮ ਲੋਕਾਂ ਨੇ ਆਪਣੀ ਤਸੱਲੀ ਪ੍ਰਗਟਾਈ ਕਿ ਦਫ਼ਤਰ ਵਿੱਚ ਮੁਲਾਜ਼ਮਾਂ ਵਲੋਂ ਸਹੀ ਵਿਵਹਾਰ ਕੀਤਾ ਜਾਂਦਾ ਹੈ ਅਤੇ ਪਾਰਦਰਸ਼ਤਾ ਨਾਲ ਕੰਮ ਕੀਤੇ ਜਾਂਦੇ ਹਨ।

ਇਸ ਮੌਕੇ ਮੰਤਰੀ ਨੇ ਸਾਰੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਆਪਣੀ ਡਿਊਟੀ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਆਰ.ਟੀ.ਓ ਦਫਤਰ ਵਿਚ ਆਉਣ ਵਾਲੇ ਕਿਸੇ ਵੀ ਵਿਕਅਤੀ ਨੂੰ ਕਿਸੇ  ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published. Required fields are marked *