ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 24 ਅਪ੍ਰੈਲ:
ਸਰਕਾਰੀ ਸਕੂਲਾਂ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਚਲਾਏ ਗਏ “ਸਿੱਖਿਆ ਕ੍ਰਾਂਤੀ” ਪ੍ਰੋਗਰਾਮ ਤਹਿਤ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ 10 ਸਰਕਾਰੀ ਸਕੂਲਾਂ ਵਿੱਚ 76.6 ਲੱਖ ਰੁਪਏ ਦੀ ਲਾਗਤ ਵਾਲੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਦੋਬੇਟਾ ਵਿਖੇ 40.4 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ।
ਹਲਕੇ ਦੇ ਤੂਫ਼ਾਨੀ ਦੌਰੇ ਦੌਰਾਨ, ਸਿੱਖਿਆ ਮੰਤਰੀ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਏਪੁਰ ਵਿਖੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਅਤੇ ਸਵੱਛਤਾ ਨੂੰ ਹੋਰ ਬਿਹਤਰ ਬਣਾਉਣ ਲਈ ਤਿਆਰ ਕੀਤੀ ਗਈ ਮਿਡ-ਡੇਅ ਮੀਲ ਰਸੋਈ ਅਤੇ ਆਧੁਨਿਕ ਕਲਾਸਰੂਮਾਂ ਦਾ ਉਦਘਾਟਨ ਕੀਤਾ, ਜਿਸਦੀ ਲਾਗਤ 3.05 ਲੱਖ ਰੁਪਏ ਹੈ। ਸਿੱਖਿਆ ਮੰਤਰੀ ਵੱਲੋਂ ਉਦਘਾਟਨ ਕੀਤੇ ਗਏ ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ 2.55 ਲੱਖ ਰੁਪਏ ਨਾਲ ਮੁਰੰਮਤ ਕੀਤੇ ਗਏ ਕਲਾਸਰੂਮ, ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਵਿਖੇ 3 ਲੱਖ ਰੁਪਏ ਨਾਲ ਬਣਾਈ ਗਈ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਮੇਘਪੁਰ ਵਿਖੇ 2.50 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਚਾਰਦੀਵਾਰੀ, 2.55 ਲੱਖ ਰੁਪਏ ਨਾਲ ਮੁਰੰਮਤ ਕੀਤੇ ਕਲਾਸਰੂਮ, ਸਰਕਾਰੀ ਮਿਡਲ ਸਕੂਲ ਮੇਘਪੁਰ ਵਿਖੇ 4 ਲੱਖ ਰੁਪਏ ਨਾਲ ਉਸਾਰੀ ਗਈ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਡੁਕਲੀ ਵਿਖੇ 2.55 ਲੱਖ ਰੁਪਏ ਨਾਲ ਮੁਰੰਮਤ ਕੀਤੇ ਗਏ ਕਲਾਸਰੂਮ, ਸਰਕਾਰੀ ਪ੍ਰਾਇਮਰੀ ਸਕੂਲ, ਐਫ.ਐਫ. ਬਲਾਕ, ਨੰਗਲ ਵਿਖੇ 2.55 ਲੱਖ ਰੁਪਏ ਨਾਲ ਮੁਰੰਮਤ ਕੀਤੇ ਗਏ ਕਲਾਸਰੂਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਦੋਬੇਟਾ ਵਿਖੇ 85,000 ਰੁਪਏ ਨਾਲ ਕਲਾਸਰੂਮ ਦਾ ਨਵੀਨੀਕਰਨ ਸ਼ਾਮਲ ਹੈ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਦੋਬੇਟਾ ਵਿਖੇ 10 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ, ਜਿਸ ਵਿੱਚ 6.6 ਲੱਖ ਰੁਪਏ ਨਾਲ ਚਾਰਦੀਵਾਰੀ ਦੀ ਮੁਰੰਮਤ, ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਵਿਖੇ 3.68 ਲੱਖ ਰੁਪਏ ਦੇ ਨਵੀਨੀਕਰਨ ਕਾਰਜ, ਸਰਕਾਰੀ ਹਾਈ ਸਕੂਲ ਨੰਗਲ ਸਪੈਸ਼ਲ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਆਰਟ ਐਂਡ ਕਰਾਫਟ ਰੂਮ, 9.65 ਲੱਖ ਰੁਪਏ ਨਾਲ ਬਣਾਇਆ ਗਿਆ ਲਾਇਬ੍ਰੇਰੀ ਕਮਰਾ ਅਤੇ 10 ਲੱਖ ਰੁਪਏ ਨਾਲ ਬਣਾਈ ਗਈ ਸਾਇੰਸ ਲੈਬ ਸ਼ਾਮਲ ਹਨ।
ਇਸ ਮੌਕੇ ਪਿੰਡ ਰਾਏਪੁਰ ਦੀ ਸਰਪੰਚ ਬੀਬੀ ਗੁਰਵਿੰਦਰ ਕੌਰ ਸੇਖੋਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਖੇਡ ਮੈਦਾਨ ਦੀ ਉਸਾਰੀ ਲਈ 1.5 ਕਨਾਲ ਜ਼ਮੀਨ ਦਾਨ ਕੀਤੀ। ਸਿੱਖਿਆ ਮੰਤਰੀ ਨੇ ਇਸ ਜਗ੍ਹਾ ਉਤੇ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਖੇਡ ਦੇ ਮੈਦਾਨ ਦੀ ਉਸਾਰੀ ਕਰਨ ਦਾ ਵਾਅਦਾ ਵੀ ਕੀਤਾ।
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਹਨ, ਜਿਨ੍ਹਾਂ ਵਿੱਚ ਹਾਈ-ਸਪੀਡ ਵਾਈ-ਫਾਈ ਕਨੈਕਸ਼ਨ, ਸਾਫ਼ ਪੀਣ ਵਾਲਾ ਪਾਣੀ, ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ ਪਖਾਨੇ, ਚਾਰਦੀਵਾਰੀ, ਸਮਾਰਟ ਕਲਾਸਰੂਮ, ਇੰਟੀਗ੍ਰੇਟਿਡ ਸਾਇੰਸ ਲੈਬ, ਇੰਟਰਐਕਟਿਵ ਪੈਨਲ, ਖੇਡ ਦੇ ਮੈਦਾਨ ਅਤੇ ਆਧੁਨਿਕ ਫਰਨੀਚਰ ਸ਼ਾਮਲ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਇਸ ਮਹੱਤਵਪੂਰਨ ਨਿਵੇਸ਼ ਦਾ ਉਦੇਸ਼ ਵਿਦਿਆਰਥੀਆਂ ਲਈ ਇੱਕ ਸਿੱਖਣ ਦਾ ਸਾਜ਼ਗਾਰ ਮਾਹੌਲ ਪੈਦਾ ਕਰਨਾ ਹੈ। ਉਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ “ਸਕੂਲ ਆਫ਼ ਐਮੀਨੈਂਸ”, “ਸਕੂਲ ਆਫ਼ ਹੈਪੀਨੈਸ” ਅਤੇ “ਸਕੂਲ ਆਫ਼ ਬ੍ਰਿਲੀਐਂਸ” ਵਰਗੇ ਉੱਤਮਤਾ ਦੇ ਕੇਂਦਰਾਂ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ। ਸਿੱਖਿਆ ਦੀ ਗੁਣਵੱਤਾ ਨੂੰ ਹੋਰ ਉਚਾ ਚੁੱਕਣ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਪੇਸ਼ੇਵਰ ਵਿਕਾਸ ਅਤੇ ਹੁਨਰ ਵਿਕਾਸ ਲਈ ਵੱਕਾਰੀ ਵਿਦੇਸ਼ੀ ਸੰਸਥਾਵਾਂ ਵਿਖੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨਾ ਸਿਰਫ਼ ਉੱਚ-ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰ ਰਹੀ ਹੈ ਬਲਕਿ ਸਰਕਾਰੀ ਸਕੂਲਾਂ ਵਿੱਚ ਇੱਕ ਉਸਾਰੂ ਸਿੱਖਣ ਵਾਤਾਵਰਣ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।
———–
2-ਸਰਕਾਰੀ ਹਾਈ ਸਕੂਲ, ਨੰਗਲ ਵਿਖੇ 10 ਲੱਖ ਰੁਪਏ ਨਾਲ ਬਣਾਈ ਗਈ ਸਾਇੰਸ ਲੈਬ ਦੀ ਤਸਵੀਰ।