ਬਰਨਾਲਾ, 24 ਅਪ੍ਰੈਲ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਹਲਕਾ ਬਰਨਾਲਾ ਵਿੱਚ ਜਲੂਰ ਦੇ ਦੋ ਸਕੂਲਾਂ ਦੇ ਉਦਘਾਟਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤਰਫੋਂ ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ ਨੇ ਕੀਤੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ ਵੀ ਮੌਜੂਦ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਵਿਚ ਵਿਕਾਸ ਕੰਮਾਂ ਦਾ ਉਦਘਾਟਨ ਕਰਦੇ ਹੋਏ ਸ. ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਗ੍ਰਾਂਟਾਂ ਨਾਲ ਸਕੂਲ ਵਿਚ 26.14 ਲੱਖ ਦੀ ਲਾਗਤ ਨਾਲ ਸਾਇੰਸ ਲੈਬ, ਚਾਰਦੀਵਾਰੀ, ਖੇਡ ਮੈਦਾਨ ਆਦਿ ਦੇ ਕੰਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 1 ਲੱਖ ਦੀ ਲਾਗਤ ਨਾਲ ਕੰਮ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਅਤੇ ਪਹਿਲੀ ਵਾਰ ਹੈ ਕਿ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦਿਵਾਈ ਗਈ ਹੈ ਤਾਂ ਜੋ ਸਾਡੇ ਅਧਿਆਪਕ ਬੱਚਿਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਦੇ ਸਕਣ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਬਹੁਤ ਜ਼ਰੂਰੀ ਅਤੇ ਮੁਢਲੀ ਜ਼ਰੂਰਤ ਹੁੰਦੀ ਹੈ ਅਤੇ ਸਰਕਾਰ ਨੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਨੂੰ ਪੂਰਾ ਕੀਤਾ ਹੈ। ਸਕੂਲਾਂ ਵਿਚ ਸਾਇੰਸ ਲੈਬਾਂ ਦੇ ਕੰਮ ਕਰਵਾਏ ਗਏ ਹਨ ਤਾਂ ਜੋ ਸਾਡੇ ਵਿਦਿਆਰਥੀ ਸਾਇੰਸ ਦੇ ਖੇਤਰ ਵਿਚ ਵੀ ਤਰੱਕੀ ਕਰਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰਪਾਲ ਸਿੰਘ, ਸਿੱਖਿਆ ਕੋਆਰਡੀਨੇਟਰ ਸਤਨਾਮ ਸਿੰਘ, ਸ ਸ ਸ ਸਕੂਲ ਜਲੂਰ ਦੀ ਪ੍ਰਿੰਸੀਪਲ ਸੁਖਪਾਲ ਕੌਰ, ਇੰਚਾਰਜ ਗੁਰਵਿੰਦਰ ਕੌਰ, ਪ੍ਰਾਇਮਰੀ ਸਕੂਲ ਦੇ ਇੰਚਾਰਜ ਵੀਨਾ ਰਾਣੀ, ਬੀ ਐਨ ਓ ਹਰਪ੍ਰੀਤ ਕੌਰ, ਡੀ ਐੱਸ ਐਮ ਰਾਜੇਸ਼ ਕੁਮਾਰ, ਹੈੱਡਮਾਸਟਰ ਪਰਦੀਪ ਕੁਮਾਰ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਬੂਟਾ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।