ਫਾਜਿਲਕਾ, 8 ਅਪ੍ਰੈਲ : ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ’ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਕਬੂਲ ਸ਼ਾਹ ਖੁੱਬਣ ਪਿੰਡ ਵਿਚ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਸੂਬਾ ਸਰਕਾਰ ਲਈ ਸਿੱਖਿਆ ਇਕ ਤਰਜੀਹੀ ਖੇਤਰ ਹੈ ਜਿਸ ’ਤੇ ਪਹਿਰਾ ਦਿੰਦਿਆਂ ਪੰਜਾਬ ਵਿਚ ਸਕੂਲਾਂ ਦੀ ਨੁਹਾਰ ਬਦਲੀ ਹੈ। ਉਨ੍ਹਾਂ ਵੱਲੋਂ ਪਿੰਡ ਦੇ ਦੋ ਸਕੂਲਾਂ ਵਿਚ 90 ਲੱਖ ਰੁਪਏ ਦੀ ਲਾਗਤ ਵਾਲੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਵਧੀਆ ਸਹੂਲਤਾਂ ਮਿਲਣਗੀਆਂ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲਸ਼ਾਹ ਖੁੱਬਣ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੁੱਬਣ ਵਿਚ ਵੱਖ-ਵੱਖ ਕੰਮਾਂ ਦਾ ਉਦਘਾਟਨ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਅੰਦਰ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਪੁਲਾਂਘਾ ਪੁੱਟੀਆਂ ਗਈਆਂ ਹਨ ਜਿਨ੍ਹਾਂ ਵਿਚ ਵਿਦਿਆਰਥੀਆਂ ਅੰਦਰ ਬੁਨਿਆਦੀ ਹੁਨਰਾਂ ਨੂੰ ਮਜ਼ਬੂਤ ਕਰਨਾ, ਅਧਿਆਪਨ ਤਰੀਕਿਆਂ ਵਿਚ ਸਮੇਂ ਅਨੁਸਾਰ ਤਬਦੀਲੀ, ਮੈਗਾ ਮਾਪੇ-ਅਧਿਆਪਕ ਮਿਲਣੀਆਂ, ਸਿੱਖਿਆ ਵਿਭਾਗ ਦੇ ਪ੍ਰਿੰਸੀਪਲਾਂ, ਹੈਡਮਾਸਟਰ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਟਰੇਨਿੰਗ ਮੁੱਖ ਤੌਰ ’ਤੇ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਸਕੂਲਜ਼ ਆਫ਼ ਐਮੀਨੈਂਸ ਅਤੇ ਸਕੂਲ ਆਫ਼ ਬ੍ਰਿਲਿਐਂਸ ਦੀ ਸਥਾਪਿਤੀ, 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ਼ ਹੈਪੀਨੈਸ ਵਿਚ ਤਬਦੀਲ ਕਰਨਾ ਅਤੇ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਨਵੀਂ ਦਿਖ ਰਾਹੀਂ ਵਿਦਿਆਰਥੀਆਂ ਨੂੰ ਅਤਿਆਧੁਨਿਕ ਸਿੱਖਿਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਪ੍ਰਾਈਮਰੀ ਸਕੂਲ ਵਿਚ 18 ਲੱਖ 67 ਹਜਾਰ ਰੁਪਏ ਨਾਲ ਇਕ ਕਮਰਾ, ਬਾਥਰੂਮ, ਟਾਈਲਾ ਅਤੇ ਹੋਰ ਵਿਕਾਸ ਕੰਮ ਕੀਤੇ ਗਏ ਹਨ। ਇਸੇ ਤਰਾਂ ਸੀਨਿਅਰ ਸੈਕੰਡਰੀ ਸਕੂਲ ਵਿਚ 71 ਲੱਖ 24 ਹਜਾਰ ਰੁਪਏ ਨਾਲ 6 ਕਮਰੇ, ਕੰਪਿਊਟਰ ਲੈਬ, ਚਾਰਦਿਵਾਰੀ ਅਤੇ ਹੋਰ ਵਿਕਾਸ ਕਾਰਜ ਕੀਤੇ ਗਏ ਹਨ।ਵਿਧਾਇਕ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਦੌਰਾਨ ਇਹ ਵੀ ਦੱਸਿਆ ਕਿ ਇਸ ਪਿੰਡ ਦੇ ਖੇਤਾਂ ਤੱਕ ਪੂਰਾ ਪਾਣੀ ਪੁੱਜਦਾ ਕਰਨ ਲਈ 42 ਕਰੋੜ ਰੁਪਏ ਨਾਲ ਕਬੂਲ ਸ਼ਾਹ ਮਾਈਨਰ ਦਾ ਨਿਰਮਾਣ ਵੀ ਸਰਕਾਰ ਨੇ ਕਰਵਾਇਆ ਹੈ।
ਇਸ ਤੋਂ ਪਹਿਲਾਂ ਸਿੱਖਿਆ ਕੋਆਰਡੀਨੇਟਰ ਸੁਰਿੰਦਰ ਕੰਬੋਜ, ਡਿਪਟੀ ਡੀਈਓ ਪਰਵਿੰਦਰ ਸਿੰਘ, ਸਕੂਲ ਪ੍ਰਿੰਸੀਪਲ ਡਾ: ਨਵਜੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾਹ, ਸਿੱਖਿਆ ਵਿਭਾਗ ਦੇ ਡੀਐਨਓ ਵਿਜੈ ਪਾਲ ਵੀ ਹਾਜਰ ਸਨ।
ਪੰਜਾਬ ਸਰਕਾਰ ਨੇ ਸਕੂਲਾਂ ਦੀ ਨੁਹਾਰ ਬਦਲੀ : ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ


