ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਜਲਦ ਸ਼ੁਰੂ ਹੋਵੇਗਾ ‘ਮਰੀਜ਼ ਸੁਵਿਧਾ ਕੇਂਦਰ’ : ਡਾ. ਬਲਬੀਰ ਸਿੰਘ

Patiala Politics Punjab

ਪਟਿਆਲਾ, 6 ਅਪ੍ਰੈਲ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰੀ ਹਸਪਤਾਲਾਂ 'ਚ ਵਿਸ਼ਵ ਪੱਧਰੀ ਸਹੂਲਤਾਂ ਉਪਲਬਧ ਕਰਵਾਉਣ ਵੱਲ ਸੂਬਾ ਸਰਕਾਰ ਵੱਲੋਂ ਇੱਕ ਹੋਰ ਕਦਮ ਵਧਾਉਂਦਿਆਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਬਹੁਤ ਜਲਦ ਦੇਸ਼ ਦੇ ਪਹਿਲੇ 'ਮਰੀਜ਼ ਸੁਵਿਧਾ ਕੇਂਦਰ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇੱਥੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ 'ਮਰੀਜ਼ ਸੁਵਿਧਾ ਕੇਂਦਰ' ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਕੀਤਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮਈ ਮਹੀਨੇ ਇਸ 'ਮਰੀਜ਼ ਸੁਵਿਧਾ ਕੇਂਦਰ' ਦੀ ਸ਼ੁਰੂਆਤ ਹੋਣ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿਥੇ ਮਰੀਜ਼ਾਂ ਲਈ 'ਮਰੀਜ਼ ਸੁਵਿਧਾ ਕੇਂਦਰ' ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਥੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ 3 ਕਰੋੜ ਲੋਕਾਂ ਤੇ 65 ਲੱਖ ਪਰਿਵਾਰਾਂ ਲਈ ਸ਼ੁਰੂ ਕੀਤਾ ਗਿਆ 10 ਲੱਖ ਦਾ ਬੀਮਾ ਯੋਜਨਾ ਦੇ ਲਾਭ ਸਮੇਤ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਹੋਰ ਪਰਿਵਾਰਕ ਮੈਂਬਰਾਂ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਇਥੇ ਉਪਲਬੱਧ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ ਵੱਲੋਂ ਬਣਾਏ ਜਾ ਰਹੇ 'ਮਰੀਜ਼ ਸੁਵਿਧਾ ਕੇਂਦਰ' ਸ਼ੁਰੂ ਹੋਣ ਨਾਲ ਜਦੋਂ ਮਰੀਜ਼ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਆਵੇਗਾ ਤਾਂ ਐਮਰਜੈਂਸੀ ਦੇ ਸਾਹਮਣੇ ਬਣੇ ਇਸ ਕੇਂਦਰ ਵਿੱਚ ਸਭ ਤੋਂ ਪਹਿਲਾ ਲਿਆਂਦਾ ਜਾਵੇਗਾ ਤੇ ਇਥੇ ਤਾਇਨਾਤ ਸਟਾਫ਼ ਵੱਲੋਂ ਮਰੀਜ਼ ਨੂੰ ਗਾਈਡ ਕੀਤਾ ਜਾਵੇਗਾ ਤੇ ਸਟਾਫ਼ ਮੈਂਬਰ ਵੱਲੋਂ ਮਰੀਜ਼ ਨੂੰ ਇਥੋ ਅੱਗੇ ਸਬੰਧਤ ਵਿਭਾਗ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਐਮਰਜੈਂਸੀ ਵਿੱਚ ਮਰੀਜ਼ ਦੇ ਨਾਲ ਆਏ ਲੋਕਾਂ ਕਾਰਨ ਹੁੰਦੀ ਭੀੜ ਘੱਟ ਹੋਵੇਗੀ ਤੇ ਮਰੀਜ਼ ਨਾਲ ਆਏ ਪਰਿਵਾਰਕ ਮੈਂਬਰ ਏ.ਸੀ. 'ਮਰੀਜ਼ ਸੁਵਿਧਾ ਕੇਂਦਰ' 'ਚ ਬੈਠ ਸਕਣਗੇ, ਜਿਥੇ ਪਾਣੀ, ਕੰਟੀਨ, ਦਵਾਈਆਂ ਤੇ ਸਾਫ਼ ਸੁਥਰੇ ਬਾਥਰੂਮਾਂ ਦਾ ਪ੍ਰਬੰਧ ਹੋਵੇਗਾ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ 'ਮਰੀਜ਼ ਸੁਵਿਧਾ ਕੇਂਦਰ' ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਸਾਰੇ ਜ਼ਿਲ੍ਹਾਂ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਤੇ ਸਬ ਡਵੀਜ਼ਨਾਂ ਹਸਪਤਾਲਾਂ ਵਿੱਚ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਹਫ਼ਤੇ ਦੇ ਸੱਤੇ ਦਿਨ 24 ਘੰਟੇ ਖੁੱਲਣ ਵਾਲਾ 'ਮਰੀਜ਼ ਸੁਵਿਧਾ ਕੇਂਦਰ' ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾ ਕੇ ਆਮ ਆਦਮੀ ਨੂੰ ਵੱਡੀ ਸਹੂਲਤ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਸਮਾਜ ਸੇਵੀ ਸੰਸਥਾਵਾਂ ਵੀ ਮਰੀਜਾਂ ਦੀ ਸੇਵਾ ਲਈ ਵਿਸ਼ੇਸ਼ ਯੋਗਦਾਨ ਪਾਉਣਗੀਆਂ ਜਿਸ ਵਿੱਚ ਰੋਗੀ ਕਲਿਆਣ ਸਮਿਤੀ, ਜਨ ਹਿਤ ਸਮਿਤੀ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਸੇਵਾ ਨਿਭਾਈ ਜਾਵੇਗੀ।
ਇਕ ਮੌਕੇ ਪਟਿਆਲਾ ਹੈਲਥ ਫਾਊਂਡੇਸ਼ਨ ਤੋਂ ਡਾ. ਸੁਧੀਰ ਵਰਮਾ ਤੇ ਡਾ. ਵਿਸ਼ਾਲ ਚੋਪੜਾ, ਕਰਨਲ ਕਰਮਿੰਦਰ ਸਿੰਘ, ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਡਾ. ਵਿਸ਼ਾਲ ਚੋਪੜਾ, ਡਾ. ਆਰ.ਪੀ.ਐਸ. ਸਿਬੀਆ, ਡਾ. ਮਨਜਿੰਦਰ ਸਿੰਘ ਮਾਨ,ਡਾ. ਦੀਪਾਲੀ, ਡਾ. ਜਤਿੰਦਰ ਕਾਂਸਲ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *