ਪਟਿਆਲਾ, 5 ਅਪ੍ਰੈਲ:
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਜਾਰੀ ਸਾਲਾਨਾ ਨਤੀਜਿਆਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਰਿਟ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਸਫਲ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸਕੂਲ ਮੁਖੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਦੀ ਮਿਹਨਤ ਅਤੇ ਸਮਰਪਣ ਕਾਰਨ ਇਹ ਨਤੀਜੇ ਸੰਭਵ ਹੋ ਸਕੇ।
ਡੀਈਓ ਸੰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਖੇਤਰ ਵਿੱਚ ਆ ਰਹੀ ਬਦਲਾਅ ਦੀ ਲਹਿਰ ਸਰਕਾਰੀ ਸਕੂਲਾਂ ਦੇ ਵਿੱਦਿਅਕ ਪ੍ਰਦਰਸ਼ਨ ਵਿੱਚ ਵਾਧਾ ਕਰ ਰਹੀ ਹੈ।
ਡਾ: ਰਵਿੰਦਰਪਾਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਨੇ ਕਿਹਾ ਕਿ ਮੈਰਿਟ ਸੂਚੀ ਵਿੱਚ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ 12 ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ, ਜਿਸ ਨਾਲ ਸਿਰਫ਼ ਉਨ੍ਹਾਂ ਦੇ ਸਕੂਲਾਂ ਦਾ ਹੀ ਨਹੀਂ, ਸਗੋਂ ਪੂਰੇ ਜ਼ਿਲ੍ਹੇ ਦਾ ਮਾਣ ਵੀ ਵਧਿਆ ਹੈ। ਇਹਨਾਂ ਵਿਦਿਆਰਥਣਾਂ ਵਿੱਚ ਨੈਨਸੀ ਸਕੰਸਸਸ ਰਾਜਪੁਰਾ ਟਾਊਨ, ਜੈਸਮੀਨ ਸਹਸ ਨੈਣ ਕਲਾਂ, ਆਸ਼ੂਦੀਪ ਕੌਰ ਸਸਸਸ ਧੰਗੇੜਾ, ਅਮਰਜੋਤ ਕੌਰ ਸਕੰਸਸਸ ਰਾਜਪੁਰਾ ਟਾਊਨ, ਸ਼ਰਨਪ੍ਰੀਤ ਕੌਰ ਸਹਸ ਰਾਮਗੜ੍ਹ, ਪਰਮਿੰਦਰ ਕੌਰ ਸਹਸ ਖੇੜਾ ਗੱਜੂ, ਜਸਪ੍ਰੀਤ ਕੌਰ ਸਸਸਸ ਕੁਲਾਰਾਂ, ਨਿਬੜਿਆ ਧੀਮਾਨ ਸਸਸਸ ਨਮਾਦਾਂ, ਪ੍ਰਾਚੀ ਸਮਾਸਸਸ ਮਾਡਲ ਟਾਊਨ ਪਟਿਆਲਾ, ਸਾਕਸ਼ੀ ਸਕੰਸਸਸ ਸਮਾਣਾ, ਸਿਰਜਣ ਕੁਮਾਰੀ ਸਹਸ ਖੇੜੀ ਫੱਤਾਂ ਅਤੇ ਨੈਨਸੀ ਸਹਸ ਮਝਾਲ ਕਲਾਂ ਸ਼ਾਮਲ ਹਨ।
ਇਸ ਮੌਕੇ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ, ਮਨਵਿੰਦਰ ਕੌਰ ਭੁੱਲਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਅਤੇ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੇ ਸਮੂਹ ਅਧਿਕਾਰੀਆਂ ਵੱਲੋਂ ਸਾਰੇ ਸਫਲ ਵਿਦਿਆਰਥੀਆਂ ਲਈ ਹੋਰ ਉੱਚਾਈਆਂ ਛੂਹਣ ਦੀ ਕਾਮਨਾ ਕੀਤੀ ਗਈ।