ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਸੰਭਾਵੀ ਘਟਨਾਵਾਂ ਨਾਲ ਨਜਿੱਠਣ ਲਈ, ਪੀ.ਐਸ.ਪੀ.ਸੀ.ਐਲ. ਵੱਲੋਂ ਕੰਟਰੋਲ ਰੂਮ ਸਥਾਪਤ:  ਬਿਜਲੀ ਮੰਤਰੀ

Politics Punjab

ਚੰਡੀਗੜ੍ਹ, 4 ਅਪ੍ਰੈਲ:

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਚੱਲ ਰਹੇ ਵਾਢੀ ਦੇ ਸੀਜ਼ਨ ਦੌਰਾਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਸੰਭਾਵੀ ਘਟਨਾਵਾਂ ਨਾਲ ਨਜਿੱਠਣ ਦੇ ਮੱਦੇਨਜ਼ਰ ਇੱਕ ਸਮਰਪਿਤ ਕੰਟਰੋਲ ਰੂਮ ਸਥਾਪਤ ਕੀਤਾ ਹੈ।

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦੇ ਹੋਏ, ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਢਿੱਲੀਆਂ ਜਾਂ  ਲਟਕਦੀਆਂ ਬਿਜਲੀ ਦੀਆਂ ਤਾਰਾਂ ਅਤੇ ਜੀਓ ਸਵਿੱਚਾਂ, ਜੋ ਸਪਾਰਕਿੰਗ ਕਰਕੇ  ਕਣਕ ਦੇ ਖੇਤਾਂ ਅੱਗ ਲਗਣ ਦਾ ਕਾਰਨ ਬਣ ਸਕਦੀਆਂ ਹਨ, ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਬਿਜਲੀ ਖ਼ਤਰਿਆਂ ਦੇ ਸਮੇਂ ਸਿਰ ਹੱਲ ਲਈ ਤੁਰੰਤ ਨਜ਼ਦੀਕੀ ਸਬ-ਡਿਵੀਜ਼ਨਲ ਦਫ਼ਤਰ, ਸ਼ਿਕਾਇਤ ਕੇਂਦਰ ਜਾਂ ਕੰਟਰੋਲ ਰੂਮ 96461-06835, 96461-06836 ਜਾਂ ਟੋਲ-ਫਰੀ ਨੰਬਰ 1912 ’ਤੇ ਰਿਪੋਰਟ ਕਰਨ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਢਿੱਲੀਆਂ ਜਾਂ  ਲਟਕਦੀਆਂ ਤਾਰਾਂ ਜਾਂ ਸਪਾਰਕਿੰਗ ਦੀਆਂ ਘਟਨਾਵਾਂ ਦੀਆਂ ਤਸਵੀਰਾਂ, ਸਥਾਨ ਦੇ ਵੇਰਵਿਆਂ ਸਮੇਤ, ਵਟਸਐਪ ਰਾਹੀਂ 96461-06836 ’ਤੇ ਭੇਜੀਆਂ ਜਾ ਸਕਦੀਆਂ ਹਨ।

ਕਿਸਾਨਾਂ ਲਈ ਵਿਸ਼ੇਸ਼ ਸਾਵਧਾਨੀਆਂ ਨੂੰ ਉਜਾਗਰ ਕਰਦੇ ਹੋਏ, ਕੈਬਨਿਟ ਮੰਤਰੀ ਨੇ ਸਲਾਹ ਦਿੱਤੀ ਕਿ ਵੱਢੀ ਗਈ ਕਣਕ ਨੂੰ ਬਿਜਲੀ ਦੀਆਂ ਲਾਈਨਾਂ ਦੇ ਹੇਠਾਂ ਜਾਂ ਟਰਾਂਸਫਾਰਮਰਾਂ ਅਤੇ ਜੀਓ ਸਵਿੱਚਾਂ ਦੇ ਨੇੜੇ ਨਾ ਰੱਖਿਆ ਜਾਵੇ। ਉਨ੍ਹਾਂ ਨੇ ਕਿਸਾਨਾਂ ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਇੱਕ ਮਰਲੇ ’ਚ ਬੀਜੀ ਗਈ ਕਣਕ ਨੂੰ ਪਹਿਲਾਂ ਹੀ ਕੱਟ ਲੈਣ ਅਤੇ ਖੇਤਾਂ ਦੇ ਟਰਾਂਸਫਾਰਮਰਾਂ ਦੇ ਆਲੇ-ਦੁਆਲੇ 10 ਮੀਟਰ ਦਾ ਖੇਤਰ ਗਿੱਲਾ ਰੱਖਣ ਦੀ ਅਪੀਲ ਕੀਤੀ ਤਾਂ ਜੋ ਚੰਗਿਆੜੀਆਂ ਤੋਂ ਹੋਣ ਵਾਲੀਆਂ ਅੱਗ ਦੀਆਂ ਸੰਭਾਵੀ ਘਟਨਾਵਾਂ ਨੂੰ ਟਾਲਿਆ ਜਾ ਸਕੇ। ਉਨ੍ਹਾਂ ਕਣਕ ਦੇ ਖੇਤਾਂ ਦੇ ਨੇੜੇ ਸਿਗਰਟ ਜਾਂ ਬੀੜੀਆਂ ਨਾ ਪੀਣ ਲਈ ਵੀ ਕਿਹਾ।

ਕੈਬਨਿਟ ਮੰਤਰੀ ਨੇ ਬਾਂਸ ਦੇ ਖੰਭਿਆਂ ਜਾਂ ਸੋਟੀਆਂ ਦੀ ਵਰਤੋਂ ਕਰਕੇ ਬਿਜਲੀ ਦੀਆਂ ਲਾਈਨਾਂ ਨਾਲ ਛੇੜਛਾੜ ਕਰਨ ਵਿਰੁੱਧ  ਚੇਤਾਵਨੀ ਦਿੰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਣਅਧਿਕਾਰਤ ਵਿਅਕਤੀਆਂ ਨੂੰ ਜੀਓ ਸਵਿੱਚ ਚਲਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਕਣਕ ਦੀ ਪਰਾਲੀ ਜਾਂ ਰਹਿੰਦ-ਖੂੰਹਦ ਨੂੰ ਸਾੜਨਾ ਨਹੀਂ ਚਾਹੀਦਾ।

ਸ. ਹਰਭਜਨ ਸਿੰਘ ਈਟੀਓ ਨੇ ਕਿਸਾਨਾਂ ਨੂੰ ਸਿਰਫ਼ ਦਿਨ ਦੇ ਸਮੇਂ ਹੀ ਕੰਬਾਈਨ ਹਾਰਵੈਸਟਰ ਚਲਾਉਣ ਅਤੇ ਕੰਬਾਈਨਾਂ ਦੇ ਪੁਰਜ਼ਿਆਂ ਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਬਿਜਲੀ ਦੇ ਖੰਭਿਆਂ, ਤਾਰਾਂ ਨਾਲ ਕੰਬਾਈਨਾਂ ਦੇ ਟਕਰਾਉਣ ਲਈ ਵੀ ਕਿਸਾਨਾਂ ਨੂੰ ਅਗਾਹ ਕੀਤਾ। ਕੈਬਨਿਟ ਮੰਤਰੀ ਨੇ ਖਾਸ ਤੌਰ ’ਤੇ ਕਿਹਾ ਕਿ ਕਣਕ ਦੀਆਂ ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ ਦੀ ਲੋੜ ਹੈ।

ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਬਿਜਲੀ ਦੀ ਲਾਈਨ ਦੇ ਸਪਾਰਕਿੰਗ ਦੀ ਸੂਚਨਾ ਤੁਰੰਤ ਸਬੰਧੀ ਪੀ.ਐਸ.ਪੀ.ਸੀ.ਐਲ. ਸਟਾਫ, ਜੂਨੀਅਰ ਇੰਜੀਨੀਅਰ, ਸਬ-ਡਿਵੀਜ਼ਨਲ ਅਫਸਰ ਜਾਂ ਕੰਟਰੋਲ ਰੂਮ  ਨਾਲ ਸੰਪਰਕ ਕਰਨ।

Leave a Reply

Your email address will not be published. Required fields are marked *