ਚੰਡੀਗੜ੍ਹ/ ਮੰਡੀ ਅਰਨੀਵਾਲਾ (ਫਾਜ਼ਿਲਕਾ), 20 ਮਾਰਚ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਇਕ ਫੈਸਲਾਕੁੰਨ ਲੜਾਈ ਦੀ ਲੜੀ ਤਹਿਤ ਜ਼ਿਲ੍ਹੇ ਵਿਚ ਅੱਜ ਦੋ ਨਸ਼ੇ ਦੀ ਤਸਕਰੀ ਵਿਚ ਸ਼ਾਮਿਲ ਲੋਕਾਂ ਦੀ ਜਾਇਦਾਦ ਤੇ ਬੁਲਡੋਜਰ ਚੱਲ ਗਿਆ। ਲੋਕਾਂ ਨੂੰ ਮੌਤ ਵੰਡਣ ਵਾਲਿਆਂ ਤੇ ਘਰ ਜਦ ਮਿੱਟੀ ਵਿਚ ਮਿਲ ਰਹੇ ਸਨ ਤਾਂ ਇਲਾਕੇ ਦੇ ਲੋਕਾਂ ਸਰਕਾਰ ਦੀ ਇਸ ਕਾਰਵਾਈ ਦੀ ਸਲਾਘਾ ਕਰਦੇ ਸੁਣਾਈ ਦਿੱਤੇ।
ਇਸ ਮੌਕੇ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਐਸਐਸਪੀ ਸ: ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੰਡੀ ਅਰਨੀਵਾਲਾ ਵਿਚ ਸਿਵਲ ਪ੍ਰਸ਼ਾਸਨ ਦੀ ਟੀਮ ਨੂੰ ਨਾਲ ਲੈਕੇ ਇਹ ਕਾਰਵਾਈ ਕੀਤੀ ਗਈ। ਇਥੇ ਰਾਣੀ ਅਤੇ ਬੱਗਾ ਨਾਂ ਦੇ ਦੋ ਜਣੇ ਭਾਈਵਾਲੀ ਵਿਚ ਨਸ਼ੇ ਦਾ ਕੰਮ ਕਰਦੇ ਸਨ ਅਤੇ ਇੰਨ੍ਹਾਂ ਖਿਲਾਫ ਮਾਮਲੇ ਵੀ ਦਰਜ ਸਨ। ਇੰਨ੍ਹਾਂ ਵੱਲੋਂ ਬਣਾਈਆਂ ਨਜਾਇਜ਼ ਉਸਾਰੀਆਂ ਨੂੰ ਅੱਜ਼ ਇੱਥੇ ਢਾਹ ਦਿੱਤਾ ਗਿਆ ਹੈ। ਰਾਣੀ ਖਿਲਾਫ ਨਸ਼ੇ ਦੀ ਤਸਕਰੀ ਬਾਰੇ ਤਿੰਨ ਪਰਚੇ ਦਰਜ ਸਨ।
ਐਸਐਸਪੀ ਸ: ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਲੋਕ ਲਹਿਰ ਬਣਨ ਲੱਗੀ ਹੈ ਅਤੇ ਲੋਕਾਂ ਤੋਂ ਵੀ ਸਾਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਨਸ਼ੇ ਦੀ ਤਸਕਰੀ ਵਿਚ ਲੱਗੇ ਲੋਕਾਂ ਦੀਆਂ ਸੂਚਨਾਵਾਂ ਨਿਡਰ ਹੋ ਕੇ ਪੁਲਿਸ ਨੂੰ ਦੇਣ ਲੱਗੇ ਹਨ ਅਤੇ ਹਰੇਕ ਸੂਚਨਾ ਦੀ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖਦੇ ਹੋਏ ਬਰੀਕੀ ਨਾਲ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦਾ ਹੁਣ ਇਹੀ ਬੁਰਾ ਹਸ਼ਰ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ 1 ਮਾਰਚ 2025 ਤੋਂ ਸ਼ੁਰੂ ਹੋਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 19 ਦਿਨਾਂ ਵਿਚ ਨਸ਼ੇ ਦੀ ਤਸਕਰੀ ਸਬੰਧੀ 76 ਮਾਮਲੇ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਦਰਜ ਕੀਤੇ ਗਏ ਹਨ ਅਤੇ 111 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲਾਖ਼ਾ ਪਿੱਛੇ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਲੋਕਾਂ ਤੋਂ ਹੈਰੋਇਨ 2.383 ਕਿਲੋ, ਪ੍ਰੇਗਾ ਕੈਪਸੂਲ 575585, ਨਸ਼ੀਲੀਆਂ ਗੋਲੀਆਂ 23279, ਪੋਸਤ 7.500 ਕਿਲੋਗ੍ਰਾਮ ਅਤੇ ਡਰੱਗ ਮਨੀ 52000 ਰੁਪਏ ਬਰਾਮਦ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਅੱਜ ਦੋਸ਼ੀਆਂ ਦੇ ਮਕਾਨ ਢਾਹੁਣ ਦੀ ਕਾਰਵਾਈ ਤੋਂ ਪਹਿਲਾਂ ਵੀ ਜ਼ਿਲ੍ਹੇ ਵਿਚ ਅਜਿਹੀ ਹੀ ਇਕ ਹੋਰ ਕਾਰਵਾਈ ਵਿਚ ਇਕ ਤਸਕਰ ਦੇ ਮਕਾਨ ਨੂੰ ਢਾਹਿਆ ਗਿਆ ਸੀ।