ਤਰਨ ਤਾਰਨ, 21 ਫਰਵਰੀ :
ਨਗਰ ਕੌਂਸਲ ਤਰਨ ਤਾਰਨ ਦੀਆਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਦਾਖ਼ਲ ਕਰਵਾਏ ਗਏ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਰਿਟਰਨਿੰਗ ਅਫ਼ਸਰ ਕਮ- ਜ਼ਿਲਾ ਵਿਕਾਸ ਤੇੇ ਪੰਚਾਇਤ ਅਫਸਰ (ਵਾਰਡ ਨੰਬਰ 1 ਤੋਂ 13) ਸ੍ਰੀ ਹਰਜਿੰਦਰ ਸਿੰਘ ਸੰਧੂ ਅਤੇ ਰਿਟਰਨਿੰਗ ਅਫਸਰ-ਕਮ-ਤਹਿਸੀਲਦਾਰ ਤਰਨ ਤਾਰਨ (ਵਾਰਡ ਨੰਬਰ 14 ਤੋਂ 25) ਸੀ੍ਮਤੀ ਰੋਬਿਨਜੀਤ ਕੌਰ ਵੱਲੋਂ ਅੱਜ ਪੇਂਡੂ ਵਿਕਾਸ ਭਵਨ ਅਤੇ ਤਹਿਸੀਲ ਕੰਪਲੈਕਸ ਤਰਨ ਤਾਰਨ ਵਿਖੇ ਕੀਤੀ ਗਈ। ਨਾਮਜ਼ਦਗੀ ਪੇਪਰਾਂ ਦੀ ਪੜਤਾਲ ਦੌਰਾਨ ਕੁੱਲ 171 ਨਾਮਜ਼ਦਗੀ ਪੱਤਰਾਂ ਵਿਚੋਂ 26 ਨਾਮਜ਼ਦਗੀ ਪੱਤਰ ਰੱਦ ਹੋ ਗਏ ਜਦਕਿ 145 ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।
ਰਾਜ ਚੋਣ ਕਮਿਸ਼ਨ ਵੱਲੋਂ ਤਰਨ ਤਾਰਨ ਨਗਰ ਕੌਂਸਲ ਚੋਣਾਂ ਲਈ ਨਿਯੁਕਤ ਕੀਤੇ ਗਏ ਚੋਣ ਅਬਜ਼ਰਵਰ ਸ਼੍ਰੀਮਤੀ ਬਲਦੀਪ ਕੌਰ ਨੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੀ ਨਿਗਰਾਨੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਸ਼ਰਮਾ ਅਤੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਅਰਵਿੰਦਰਪਾਲ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਚੋਣ ਅਬਜ਼ਰਵਰ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਤਰਨ ਤਾਰਨ ਦੇ 25 ਵਾਰਡਾਂ ਲਈ ਬੀਤੇ ਕੱਲ ਨਾਮਜ਼ਦਗੀ ਦਾਖਲ ਕਰਨ ਦੇ ਆਖ਼ਰੀ ਦਿਨ ਤੱਕ ਕੁੱਲ 171 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ, ਜਿਨ੍ਹਾਂ ਦੀ ਅੱਜ ਪੜਤਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਹੈ ਅਤੇ ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 26 ਨਾਮਜ਼ਦਗੀ ਪੱਤਰ ਰੱਦ ਹੋਏ ਹਨ, ਜਦਕਿ 145 ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।
ਚੋਣ ਅਬਜ਼ਰਵਰ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਉਮੀਦਵਾਰ 22 ਫਰਵਰੀ, ਦਿਨ (ਸ਼ਨੀਵਾਰ) ਨੂੰ ਬਾਅਦ ਦੁਪਹਿਰ 3:00 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ ਅਤੇ ਇਸ ਤੋਂ ਬਾਅਦ ਚੋਣ ਮੈਦਾਨ ਵਿੱਚ ਰਹਿ ਗਏ ਉਮੀਦਵਾਰਾਂ ਨੂੰ 22 ਫਰਵਰੀ ਨੂੰ ਹੀ ਚੋਣ ਨਿਸ਼ਾਨਾਂ ਦੀ ਵੰਡ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 2 ਮਾਰਚ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ (2 ਮਾਰਚ ਦਿਨ ਐਤਵਾਰ) ਨੂੰ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਤਰਨ ਤਾਰਨ ਸ੍ਰੀ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਨਗਰ ਕੌਂਸਲ ਚੋਣਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਨਗਰ ਕੌਂਸਲ ਤਰਨ ਤਾਰਨ ਦੇ ਕੁੱਲ 25 ਵਾਰਡ ਹਨ ਅਤੇ ਇਹ ਚੋਣਾਂ ਕਰਵਾਉਣ ਲਈ 63 ਬੂਥ ਸੁਰੱਖਿਅਤ ਇਮਾਰਤਾਂ ਵਿੱਚ ਸਥਾਪਿਤ ਕੀਤੇ ਗਏ ਹਨ। ਨਗਰ ਕੌਂਸਲ ਤਰਨ ਤਾਰਨ ਦੇ ਕੁੱਲ 56,600 ਵੋਟਰ ਹਨ, ਜਿਨ੍ਹਾਂ ਵਿੱਚ 28,992 ਮਰਦ ਅਤੇ 27,603 ਔਰਤਾਂ ਅਤੇ ਤੀਜਾ ਲਿੰਗ ਦੇ ਕੇਵਲ 5 ਵੋਟਰ ਹਨ।ਉਨ੍ਹਾਂ ਦੱਸਿਆ ਕਿ ਪੋਲਿੰਗ ਪਾਰਟੀਆਂ ਦੀ ਪਹਿਲੀ ਰਿਹਰਸਲ 23 ਫਰਵਰੀ ਅਤੇ ਦੂਜੀ ਰਿਹਰਸਲ 27 ਫਰਵਰੀ ਨੂੰ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਣਯੋਗ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਤਰਨ ਤਾਰਨ ਦੀ ਚੋਣ ਪੂਰੀ ਤਰਾਂ ਸ਼ਾਂਤਮਈ, ਆਜ਼ਾਦਾਨਾ ਤੇ ਨਿਰਪੱਖ ਮਾਹੌਲ ਵਿੱਚ ਕਰਵਾਉਣ ਲਈ ਵਚਨਬੱਧ ਹੈ।
ਨਗਰ ਕੌਂਸਲ ਤਰਨ ਤਾਰਨ ਲਈ ਚੋਣ ਅਬਜ਼ਰਵਰ ਸ਼੍ਰੀਮਤੀ ਬਲਦੀਪ ਕੌਰ ਦੀ ਹਾਜ਼ਰੀ ਵਿੱਚ ਹੋਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ


