ਫਾਜ਼ਿਲਕਾ 13 ਜਨਵਰੀ
ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਰੀਜਨਲ ਟਰਾਂਪੋਰਟ ਅਫਸਰ ਗੁਰਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਅਤੇ ਟਰੈਫਿਕ ਪੁਲਿਸ ਵੱਲੋਂ ਵੱਡੇ ਤੇ ਛੋਟੇ ਵਾਹਨ ਚਾਲਕਾਂ, ਟੈਕਸੀ ਡਰਾਈਵਰਾਂ ਨੂੰ ਰੋਡ ਸੇਫਟੀ ਨਿਯਮਾਂ ਬਾਰੇ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ ਤਾਂ ਜ਼ੋ ਸਵਾਰੀਆਂ ਨੂੰ ਲਿਆਉਣ-ਛੱਡਣ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਲੋਕਾਂ ਦੀ ਜਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਟੈਕਸੀ ਸਟੈਂਡ ਵਿਖੇ ਸੈਮਨਾਰ ਲਗਾਉਂਦਿਆਂ ਕਿਹਾ ਕਿ ਸੜਕ ਸੁਰੱਖਿਆ ਮਹੀਨਾ ਮਨਾਉਣ ਦਾ ਮੰਤਵ ਕਿ ਸਾਰੇ ਵਾਹਨ ਚਾਲਕਾਂ ਨੂੰ ਖ਼ੁਦ ਆਪਣੇ ਆਪ, ਆਪਣੇ ਪਰਿਵਾਰ ਅਤੇ ਹੋਰਨਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਾਪਰਵਾਹੀ ਨਾਲ ਵਾਹਨ ਚਲਾਉਣ ਕਰਕੇ ਹਰ ਰੋਜ਼ ਕੀਮਤੀ ਜਾਨਾਂ ਅਜਾਂਈ ਚਲੀਆਂ ਜਾਂਦੀਆਂ ਹਨ, ਇਸ ਲਈ ਸਾਨੂੰ ਨਿਰਧਾਰਤ ਸਪੀਡ ਨਿਯਮ ਦਾ ਪਾਲਣ ਕਰਨ ਸਮੇਤ ਸੜਕ ’ਤੇ ਚਲਦੇ ਹੋਏ ਟ੍ਰੈਫਿਕ ਨਿਯਮਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।ਉਨ੍ਹਾਂ ਕਿਹਾ ਕਿ ਕੀਮਤੀ ਜਾਨਾ ਅਜਾਈ ਨਾ ਜਾਣ, ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ।
ਉਨ੍ਹਾਂ ਡਰਾਈਵਰਾਂ ਨੂੰ ਜਾਗਰੂਕ ਕਰਦਿਆਂ ਸੜਕ ਸੁਰੱਖਿਆ ਚਿੰਨ੍ਹਾਂ ਦੀ ਜਾਣਕਾਰੀ ਵੀ ਦਿੱਤੀ । ਉਨ੍ਹਾਂ ਕਿਹਾ ਕਿ ਸੜਕਾਂ *ਤੇ ਜਾਂਦੇ ਹੋਏ ਵਹੀਕਲ ਚਲਾਉਂਦੇ ਸਮੇਂ ਸੀਟ ਬੈਲਟ ਤੇ ਹੈਲਮੈਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਵਹੀਕਲ ਦੀ ਗਤੀ ਵੀ ਹੋਲੀ ਰੱਖਣੀ ਚਾਹੀਦੀ ਹੈ। ਲਾਲ ਬਤੀ ਨੂੰ ਕਰਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਛੋਟੀਆਂ-ਛੋਟੀਆਂ ਗਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਖੁਦ ਦੇ ਨਾਲ-ਨਾਲ ਸਾਹਮਣੇ ਵਾਲਿਆਂ ਦੀ ਵੀ ਜਾਨ ਬਚਾ ਸਕਦੇ ਹਾਂ ਤੇ ਸੜਕੀ ਦੁਰਘਟਨਾਵਾਂ ਨੂੰ ਰੋਕਣ ਵਿਚ ਕਾਮਯਾਬ ਹੋ ਸਕਦੇ ਹਾਂ। ਇਸ ਮੌਕੇ ਉਨਾਂ ਟਰੈਫਿਕ ਨਿਯਮਾਂ ਦੀ ਪਾਲਣ ਨਾ ਕਰਨ ਵਾਲਿਆਂ ਖਿਲਾਫ ਸਖਤੀ ਕਰਦਿਆਂ ਚਲਾਨ ਵੀ ਕੱਟੇ।
ਇਸ ਮੌਕੇ ਟਰੈਫਿਕ ਇੰਚਾਰਜ ਫਾਜ਼ਿਲਕਾ ਪਰਮਜੀਤ ਸਿੰਘ, ਸੰਜੇ ਸਰਮਾ ਆਰਟੀਓ ਦਫਤਰ ਅਤੇ ਪੁਲਿਸ ਵਿਭਾਗ ਤੋਂ ਏ.ਐਸ.ਆਈ. ਮਲਕੀਤ ਸਿੰਘ ਵੱਲੋਂ ਟੈਕਸੀ ਚਾਲਕਾਂ ਨੂੰ ਇਸ ਮੁਹਿੰਮ ਸਬੰਧੀ ਪ੍ਰੇਰਿਤ ਕੀਤਾ ਗਿਆ।