ਗਣਤੰਤਰ ਦਿਵਸ ਦੇ ਮਹੱਤਵਪੂਰਨ ਦਿਹਾੜੇ ਨੂੰ ਮਨਾਉਣ ਲਈ ਬੈਠਕ

Patiala Politics Punjab

ਪਟਿਆਲਾ, 8 ਜਨਵਰੀ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਗਣਤੰਤਰ ਦਿਵਸ ਮਨਾਉਣ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੂਪ੍ਰਿਤਾ ਜੌਹਲ, ਐਸ.ਪੀ. ਹਰਬੰਤ ਕੌਰ, ਆਰ.ਟੀ.ਏ ਨਮਨ ਮਾਰਕੰਨ, ਐਸ.ਡੀ.ਐਮ ਪਟਿਆਲਾ ਮਨਜੀਤ ਕੌਰ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਤੇ ਦੀਪਜੋਤ ਕੌਰ, ਮੁੱਖ ਮੰਤਰੀ ਫ਼ੀਲਡ ਅਫ਼ਸਰ ਡਾ. ਨਵਜੋਤ ਸ਼ਰਮਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 26 ਜਨਵਰੀ ਨੂੰ ਪੂਰੇ ਉਤਸ਼ਾਹ ਨਾਲ ਗਣਤੰਤਰ ਦਿਵਸ ਮਨਾਇਆ ਜਾਣਾ ਹੈ ਅਤੇ ਇਸ ਮਹੱਤਵਪੂਰਨ ਦਿਹਾੜੇ ‘ਤੇ ਜਿੱਥੇ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ, ਉੱਥੇ ਵਿਲੱਖਣ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ‘ਤੇ ਸਭਿਆਚਾਰਕ ਪ੍ਰੋਗਰਾਮ ਅਤੇ ਵੱਖ ਵੱਖ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਜਾਣਗੀਆਂ। ਇਸ ਤੋਂ ਇਲਾਵਾ ਦੇਸ਼ ਭਗਤੀ ਨਾਲ ਲਬਰੇਜ਼ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਸਭਿਆਚਾਰ ਪ੍ਰੋਗਰਾਮ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਥਾਨਕ ਪੋਲੋ ਗਰਾਊਂਡ (ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ) ਵਿਖੇ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਪੰਜਾਬ ਪੁਲਿਸ ਦੀਆਂ ਟੁਕੜੀਆਂ, ਪੰਜਾਬ ਹੋਮ ਗਾਰਡ, ਆਈ.ਟੀ.ਬੀ.ਪੀ., ਸੇਟ ਜੋਨ ਐਂਬੂਲੈਂਸ, ਸਕਾਊਟ ਗਰਲਜ਼ ਗਾਈਡ, ਐਨ.ਸੀ.ਸੀ. ਆਰਮੀ ਵਿੰਗ, ਐਨ.ਸੀ.ਸੀ. ਏਅਰ ਵਿੰਗ ਸਮੇਤ ਵੱਖ ਵੱਖ ਟੁਕੜੀਆਂ ਵੱਲੋਂ ਪਰੇਡ ਕੀਤੀ ਜਾਵੇਗੀ।  
ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਇਸ ਅਹਿਮ ਸਮਾਗਮ ਦੇ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਸਮਾਗਮ ਦੀਆਂ ਤਿਆਰੀਆਂ ‘ਚ ਕਿਸੇ ਵੀ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਸੌਂਪੀਆਂ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ।

Leave a Reply

Your email address will not be published. Required fields are marked *