ਪੰਜਾਬ ਸਰਕਾਰ ਦੇ ਮਿਸ਼ਨ ਰੋਜ਼ਗਾਰ ਨਾਲ ਨੌਜਵਾਨਾਂ ਦੇ ਸੁਪਨੇ ਹੋਏ ਸਾਕਾਰ

Politics Punjab


ਚੰਡੀਗੜ੍ਹ, 30 ਦਸੰਬਰ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਨੌਜਵਾਨਾਂ ਨੂੰ ਨੌਕਰੀਆਂ ਤਲਾਸ਼ਣ ਦੀ ਬਜਾਏ ਰੋਜ਼ਗਾਰ ਪੈਦਾ ਕਰਨ ਵਾਲੇ ਬਣਾਉਣ ਦੇ ਦਿੱਤੇ ਹੋਕੇ ‘ਤੇ ਅਮਲ ਕਰਦਿਆਂ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਤਕਰੀਬਨ ਪੰਜਾਹ ਹਜ਼ਾਰ ਰੈਗੂਲਰ ਨੌਕਰੀਆਂ ਹੀ ਨਹੀਂ ਦਿੱਤੀਆਂ, ਬਲਕਿ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਵਿੱਚ ਵੀ ਸਹਾਇਤਾ ਪ੍ਰਦਾਨ ਕੀਤੀ ਹੈ।

ਸੂਬਾ ਸਰਕਾਰ ਦੀਆਂ ਦੋ ਸਾਲਾਂ ਅਤੇ 9 ਮਹੀਨਿਆਂ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਆਪਣੇ ਕਾਰਜਕਾਲ ਦੇ ਪਹਿਲੇ 33 ਮਹੀਨਿਆਂ ਦੌਰਾਨ ਸੂਬਾ ਸਰਕਾਰ ਨੇ ਨੌਜਵਾਨਾਂ ਨੂੰ 49,949 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 4,725 ਤੋਂ ਵੱਧ ਪਲੇਸਮੈਂਟ ਕੈਂਪ ਲਗਾ ਕੇ 2,65,430 ਉਮੀਦਵਾਰਾਂ ਨੂੰ ਨਿੱਜੀ ਖੇਤਰ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਪੰਜਾਬ ਹੁਨਰ ਵਿਕਾਸ ਮਿਸ਼ਨ ਨੇ 64,427 ਉਮੀਦਵਾਰਾਂ ਨੂੰ ਕੈਪਟਿਵ ਰੁਜ਼ਗਾਰਦਾਤਾਵਾਂ, ਸਰਕਾਰੀ ਅਤੇ ਪ੍ਰਾਈਵੇਟ ਹੁਨਰ ਸਿਖਲਾਈ ਏਜੰਸੀਆਂ ਰਾਹੀਂ ਆਟੋਮੋਟਿਵ ਮਸ਼ੀਨ ਆਪਰੇਟਰ, ਫਿਟਰ, ਐਡਵਾਂਸ ਰੈਸਪੀਰੇਟਰੀ ਥੈਰੇਪਿਸਟ, ਵੇਅਰਹਾਊਸ ਪੈਕਰ, ਜਨਰਲ ਡਿਊਟੀ ਸਹਾਇਕ, ਸੁਰੱਖਿਆ ਗਾਰਡ, ਕੋਰੀਅਰ ਡਿਲੀਵਰੀ ਐਗਜ਼ੀਕਿਊਟਿਵ, ਇਲੈਕਟ੍ਰੀਸ਼ੀਅਨ, ਬਿਊਟੀ ਥੈਰੇਪਿਸਟ, ਸੀ.ਐਨ.ਸੀ. ਆਪਰੇਟਰ, ਸੋਲਰ ਪੈਨਲ ਟੈਕਨੀਸ਼ੀਅਨ ਆਦਿ ਵਰਗੇ ਕੋਰਸਾਂ ਵਿੱਚ ਹੁਨਰ ਸਿਖਲਾਈ ਦਿੱਤੀ ਜਿਸ ਉਪਰੰਤ 47,821 ਉਮੀਦਵਾਰਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ।

ਉਨ੍ਹਾਂ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਵਿੱਚ 23,917 ਕਰੀਅਰ ਟਾਕਜ਼ ਕਰਵਾਈਆਂ ਗਈਆਂ ਅਤੇ  8,56,874 ਉਮੀਦਵਾਰਾਂ ਨੂੰ ਕਰੀਅਰ ਗਾਈਡੈਂਸ ਦਿੱਤੀ ਗਈ। ਇਸ ਤੋਂ ਇਲਾਵਾ 1,373 ਸਵੈ-ਰੋਜ਼ਗਾਰ ਕੈਂਪ ਲਗਾਏ ਗਏ, ਜਿਸ ਵਿੱਚ 1,77,049 ਬਿਨੈਕਾਰਾਂ ਦਾ ਸਵੈ-ਰੋਜ਼ਗਾਰ ਲਈ ਕਰਜ਼ ਪ੍ਰਾਪਤ ਕਰਨ ਸਬੰਧੀ ਮਾਰਗਦਰਸ਼ਨ ਕੀਤਾ ਗਿਆ, ਤਾਂ ਜੋ ਸੂਬੇ ਵਿੱਚ ਸਵੈ-ਰੋਜ਼ਗਾਰ ਅਤੇ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ.ਨਗਰ (ਮੁਹਾਲੀ) ਦੇ 74 ਕੈਡਿਟ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰਾਂ ਬਣੇ ਹਨ। ਹੁਣ ਤੱਕ 64 ਕੈਡਿਟ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ 12 ਕੈਡਿਟ ਕਾਲ ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਸਾਲ 24 ਅਕਤੂਬਰ ਨੂੰ ਐਨ.ਡੀ.ਏ.-153 ਕੋਰਸ ਦੀ ਮੈਰਿਟ ਵਿੱਚ ਸੰਸਥਾ ਦੇ 12ਵੇਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕੈਡਿਟ ਕੇਸ਼ਵ ਸਿੰਗਲਾ ਨੇ 15ਵਾਂ ਸਥਾਨ ਪ੍ਰਾਪਤ ਕੀਤਾ। ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.)-52 ਕੋਰਸ ਦੀ ਮੈਰਿਟ ਸੂਚੀ, ਜੋ 7 ਨਵੰਬਰ ਨੂੰ ਐਲਾਨੀ ਗਈ ਸੀ, ਵਿੱਚ ਇਸ ਸੰਸਥਾ ਦੇ 12ਵੇਂ ਕੋਰਸ ਦੇ ਕੈਡਿਟ ਕਰਮਨ ਸਿੰਘ ਤਲਵਾੜ ਨੇ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ ਦੂਜਾ ਸਥਾਨ ਹਾਸਲ ਕੀਤਾ।

Leave a Reply

Your email address will not be published. Required fields are marked *