ਪ੍ਰਦੂਸ਼ਣ ਰੋਕਥਾਮ ਬੋਰਡ ਨੇ ਚਾਈਨਾ ਡੋਰ ਅਤੇ ‘ਸਿੰਗਲ ਯੂਜ਼ ਪਲਾਸਟਿਕ’ ‘ਤੇ ਪਾਬੰਦੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ 

Ferozepur

ਐਸ.ਏ.ਐਸ.ਨਗਰ, 25 ਦਸੰਬਰ, 2024: ਚਾਈਨਾ ਡੋਰ ਅਤੇ ‘ਸਿੰਗਲ ਯੂਜ਼ ਪਲਾਸਟਿਕ’ ਦੇ ਖ਼ਤਰਿਆਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤਰੀ ਦਫ਼ਤਰ, ਮੋਹਾਲੀ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੀਪੀਸੀਬੀ ਦੇ ਖੇਤਰੀ ਅਫ਼ਸਰ ਰਣਤੇਜ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀਆਂ ਹਦਾਇਤਾਂ ਅਨੁਸਾਰ ਚਾਈਨਾ ਡੋਰ ਅਤੇ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ‘ਤੇ ਪਾਬੰਦੀ ਨੂੰ ਲਾਗੂ ਕਰਨ ਅਤੇ ਇਨ੍ਹਾਂ ਦੋਵਾਂ ਦੇ ਖ਼ਤਰਿਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਫੀਲਡ ਸਟਾਫ਼ ਵੱਲੋਂ ਸਬ ਡਵੀਜ਼ਨ ਵਾਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਜਾਗਰੂਕਤਾ ਗਤੀਵਿਧੀਆਂ ਦੀ ਕੜੀ ਵਜੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਸਾਰੀਆਂ ਸਬ ਡਵੀਜ਼ਨਾਂ (ਮੁਹਾਲੀ, ਖਰੜ ਅਤੇ ਡੇਰਾਬੱਸੀ) ਵਿੱਚ ਸਥਾਨਕ ਜਨਤਕ ਥਾਵਾਂ ਜਿਵੇਂ ਕਿ ਪ੍ਰਮੁੱਖ ਜਨਤਕ ਸਥਾਨਾਂ ਅਤੇ ਸਥਾਨਕ ਬਾਜ਼ਾਰਾਂ ਵਿੱਚ ਬੈਨਰ ਲਗਾਏ ਗਏ ਅਤੇ ਲੋਕਾਂ ਨੂੰ ਪੈਂਫਲੇਟ ਵੀ ਵੰਡੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਤਾਵਰਣ ਨਾਲ ਸਬੰਧਤ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ‘ਤੇ ਵਿਆਪਕ ਪਾਬੰਦੀ ਲਾਗੂ ਕੀਤੀ ਹੈ। ਇਸ ਲੜੀ ਵਿੱਚ ਪੰਜਾਬ ਪਲਾਸਟਿਕ ਕੈਰੀ ਬੈਗਜ਼ (ਨਿਰਮਾਣ, ਵਰਤੋਂ ਅਤੇ ਨਿਪਟਾਰੇ) ਕੰਟਰੋਲ ਐਕਟ 2005 ਵਿੱਚ 2016 ਵਿੱਚ ਸੋਧ ਕੀਤੀ ਗਈ ਸੀ ਤਾਂ ਜੋ ਰਾਜ ਵਿੱਚ ਸਾਰੇ ਮਿਉਂਸਪਲ ਅਧਿਕਾਰ ਖੇਤਰਾਂ ਵਿੱਚ ਪਲਾਸਟਿਕ ਕੈਰੀ ਬੈਗਜ਼ ਦੇ ਨਿਰਮਾਣ, ਭੰਡਾਰਨ, ਵੰਡ, ਰੀਸਾਈਕਲਿੰਗ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾਈ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰ ਪੱਧਰੀ ਯਤਨਾਂ ਦੇ ਤਹਿਤ, ਰਾਜ ਨੇ 1 ਜੂਨ, 2022 ਤੋਂ ਵੱਖ-ਵੱਖ ਸਿੰਗਲ-ਯੂਜ਼ ਪਲਾਸਟਿਕ ਵਸਤੂਆਂ ਨੂੰ ਸ਼ਾਮਲ ਕਰਕੇ ਪਾਬੰਦੀ ਦਾ ਘੇਰਾ ਵਧਾ ਦਿੱਤਾ ਹੈ। ਇਨ੍ਹਾਂ ਵਸਤੂਆਂ ਵਿੱਚ ਪੋਲੀਸਟੀਰੀਨ ਅਤੇ ਪੋਲੀਸਟਾਈਰੀਨ ਵਰਤੋਂ ਵਾਲੀਆਂ ਵਸਤੂਆਂ, ਪਲਾਸਟਿਕ ਸਟਿਕਸ ਵਾਲੇ ਈਅਰਬਡਸ, ਗੁਬਾਰਿਆਂ ਲਈ ਪਲਾਸਟਿਕ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ-ਕ੍ਰੀਮ ਸਟਿਕਸ, ਸਜਾਵਟ ਲਈ ਪੋਲੀਸਟੀਰੀਨ, ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਸਟਰਾਅ (ਪਾਈਪ), ਟ੍ਰੇਅ, ਅਤੇ ਮਿਠਾਈ ਦੇ ਡੱਬਿਆਂ ਦੇ ਆਲੇ ਦੁਆਲੇ ਲਪੇਟਣ ਵਾਲੀਆਂ ਪੈਕਿੰਗ ਫਿਲਮਾਂ ਸ਼ਾਮਲ ਹਨ। ਪੰਜਾਬ ਸਰਕਾਰ ਨੇ ਇਸ ਮਨਾਹੀ ਨੂੰ ਸਖ਼ਤੀਨਾਲ ਲਾਗੂ ​​ਕਰਨ ਲਈ, ਪਲਾਸਟਿਕ ਕੈਰੀ ਬੈਗਜ਼ ਅਤੇ ਪੈਕਿੰਗ ਉਤਪਾਦਾਂ ਦੀਆਂ ਸਾਰੀਆਂ ਕਿਸਮਾਂ ‘ਤੇ ਮੁਕੰਮਲ ਪਾਬੰਦੀ ਦਾ ਪ੍ਰਸਤਾਵ ਕੀਤਾ ਹੈ, ਜਿਨ੍ਹਾਂ ਵਿੱਚ ‘ਕੰਪੋਸਟੇਬਲ’ ਲੇਬਲ ਕੀਤੇ ਗਏ ਉਤਪਾਦ ਵੀ ਸ਼ਾਮਲ ਹਨ। ਇਸ ਪਹਿਲਕਦਮੀ ਦਾ ਉਦੇਸ਼ ਮੌਜੂਦਾ ਖਾਮੀਆਂ ਨੂੰ ਦੂਰ ਕਰਨਾ ਅਤੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ ਹੈ।

Leave a Reply

Your email address will not be published. Required fields are marked *