ਲੁਧਿਆਣਾ, 19 ਦਸੰਬਰ (000) ਪੰਜਾਬ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਸ੍ਰੀ ਉਦੈਦੀਪ ਸਿੰਘ ਸਿੱਧੂ ਪੀ.ਸੀ.ਐੱਸ, ਉਪ ਕਮਿਸ਼ਨਰ (ਆਬਕਾਰੀ) ਪਟਿਆਲਾ ਜ਼ੋਨ ਦੇ ਹੁਕਮਾਂ ਅਨੁਸਾਰ ਜਿਲ੍ਹਾ ਲੁਧਿਆਣਾ ਦੇ ਸਹਾਇਕ ਕਮਿਸ਼ਨਰ (ਆਬਕਾਰੀ) ਲੁਧਿਆਣਾ ਪੂਰਬੀ ਅਤੇ ਪੱਛਮੀ ਰੇਂਜ ਸ੍ਰੀਮਤੀ ਸ਼ਿਵਾਨੀ ਗੁਪਤਾ ਅਤੇ ਸ੍ਰੀ ਇੰਦਰਜੀਤ ਸਿੰਘ ਨਾਗਪਾਲ ਦੁਆਰਾ ਸਮੂਹ ਜਿਲ੍ਹੇ ਵਿੱਚ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਫਲਸਰੂਪ ਜਿਲ੍ਹਾ ਲੁਧਿਆਣਾ ਦੇ ਸਮੂਹ ਸ਼ਰਾਬ ਦੇ ਠੇਕਿਆਂ, ਹਾਰਡ ਬਾਰ/ਬੀਅਰ ਬਾਰ, ਪੱਬਾਂ ਅਤੇ ਮੈਰਿਜ ਪੈਲਸਾਂ ਦੀ ਚੈਕਿੰਗ ਕੀਤੀ ਗਈ ਅਤੇ ਮੈਰਿਜ ਪੈਲਸਾਂ ਅੰਦਰ ਸ਼ਰਾਬ ਦੀਆਂ ਵਰਤੀਆਂ ਗਈਆਂ ਖਾਲੀ ਬੋਤਲਾਂ ਵੀ ਆਬਕਾਰੀ ਨਿਰੀਖਕਾਂ ਦੀ ਹਾਜ਼ਰੀ ਵਿੱਚ ਤੋੜੀਆਂ ਗਈਆਂ। ਸ਼ਰਾਬ ਦੀ ਮੂਵਮੈਂਟ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਅਲੱਗ-ਅਲੱਗ ਥਾਵਾਂ ਉੱਪਰ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਜਿਲ੍ਹਾ ਲੁਧਿਆਣਾ ਵਿਖੇ ਨਜ਼ਾਇਜ਼ ਸ਼ਰਾਬ ਦੀ ਆਮਦੋ-ਰਫਤ ਤੇ ਸ਼ਿਕੰਜਾ ਕਸਣ ਲਈ ਆਬਕਾਰੀ ਅਫਸਰਾਂ, ਆਬਕਾਰੀ ਨਿਰੀਖਕਾਂ ਅਤੇ ਆਬਕਾਰੀ ਪੁਲਿਸ ਸਟਾਫ ਦੀਆਂ ਟੀਮਾਂ ਦਾ ਗਠਨ ਕਰਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।
ਸਹਾਇਕ ਕਮਿਸ਼ਨਰ (ਆਬਕਾਰੀ) ਲੁਧਿਆਣਾ ਪੂਰਬੀ ਅਤੇ ਪੱਛਮੀ ਰੇਂਜ ਸ੍ਰੀਮਤੀ ਸ਼ਿਵਾਨੀ ਗੁਪਤਾ ਅਤੇ ਸ੍ਰੀ ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦੀ ਵਿਕਰੀ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਆਬਕਾਰੀ ਨਿਯਮਾਂ ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਆਬਕਾਰੀ ਵਿਭਾਗ ਦੁਆਰਾ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਜਦੋਂ ਤੱਕ ਚੋਣ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ, ਉਦੋਂ ਤੱਕ ਵਿਭਾਗ ਵੱਲੋਂ ਹੋਰ ਵੀ ਸਖਤੀ ਨਾਲ ਚੈਕਿੰਗ ਮੁਹਿੰਮ ਜਾਰੀ ਰੱਖੀ ਜਾਵੇਗੀ ਅਤੇ ਸਮੂਹ ਸਟਾਫ ਵੱਲੋਂ ਤਨਦੇਹੀ ਨਾਲ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ।