ਬੋਲਣ ਤੇ ਸੁਣਨ ਤੋਂ ਅਸਮਰੱਥ ਗਗਨਦੀਪ ਕੌਰ ਹੋਰਨਾਂ ਦਿਵਿਆਂਗਜਨਾਂ ਲਈ ਬਣੀ ਚਾਨਣ ਮੁਨਾਰਾ

Ludhiana Politics Punjab

ਲੁਧਿਆਣਾ, 25 ਸਤੰਬਰ (000) – ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਾਬਰਪੁਰ ਦੀ ਬੋਲਣ ਅਤੇ ਸੁਣਨ ਤੋਂ ਅਸਮਰੱਥ ਲੜਕੀ ਗਗਨਦੀਪ ਕੌਰ ਹੋਰਨਾਂ ਦਿਵਿਆਂਗਜਨਾਂ ਲਈ ਚਾਨਣ ਮੁਨਾਰਾ ਬਣੀ ਹੈ ਜਿਸਨੇ ਵਿਪਰੀਤ ਪਰਸਥਿਤੀਆਂ ਵਿੱਚ ਵੀ ਹਾਰ ਨਹੀਂ ਮੰਨੀ ਅਤੇ 10ਵੀਂ ਜਮਾਤ ਵਿੱਚ 650/650 ਅੰਕ ਪ੍ਰਾਪਤ ਕਰਕੇ ਡਾਕਘਰ ਰਾਜਗੜ੍ਹ, ਦੋਰਾਹਾ (ਲੁਧਿਆਣਾ) ਵਿੱਚ ਨੌਕਰੀ ਹਾਸਲ ਕੀਤੀ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਲੁਧਿਆਣਾ ਸ੍ਰੀਮਤੀ ਰਜਿੰਦਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੋਲਣ ਅਤੇ ਸੁਣਨ ਤੋਂ ਅਸਮਰੱਥ ਬੱਚੀ ਗਗਨਦੀਪ ਕੌਰ ਪੁੱਤਰੀ ਸਰਦਾਰ ਭੁਪਿੰਦਰ ਸਿੰਘ, ਪਿੰਡ ਬਾਬਰਪੁਰ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਦੀ ਵਾਸੀ ਹੈ ਜਿਸਦੀ ਡਾਕ ਵਿਭਾਗ ਵਿੱਚ ਜੀ.ਡੀ.ਐਸ. ਦੀ ਪੋਸਟ ਲਈ ਚੋਣ ਹੋਈ ਹੈ।

ਉਨ੍ਹਾਂ ਦੱਸਿਆ ਕਿ ਬੱਚੀ ਗਗਨਦੀਪ ਕੌਰ ਜੋ ਕਿ ਆਈ.ਈ.ਆਰ.ਟੀ. ਹਰਜੀਤ ਸਿੰਘ ਬਲਾਕ ਡੇਹਲੋਂ-2 ਵੱਲੋਂ ਸਰਵੇ ਸੈਸ਼ਨ 2012-13 ਦੌਰਾਨ ਮਿਲੀ ਸੀ। ਆਈ.ਈ.ਆਰ.ਟੀ. ਹਰਜੀਤ ਸਿੰਘ ਵੱਲੋਂ ਬੱਚੀ ਦੇ ਮਾਪਿਆਂ ਤੋਂ ਪ੍ਰਾਪਤ ਜਾਣਕਾਰੀ ਅਤੇ ਬੱਚੀ ਦੀ ਅਸੈਸਮੈਂਟ ਕਰਨ ਉਪਰੰਤ ਪਾਇਆ ਗਿਆ ਕਿ ਬੱਚੀ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ।

ਉਨ੍ਹਾਂ ਦੱਸਿਆ ਕਿ ਉਸ ਸਮੇਂ ਗਗਨਦੀਪ ਕੌਰ ਦੀ ਉਮਰ 6 ਸਾਲ ਸੀ ਅਤੇ ਬੱਚੀ ਨੇ ਆਪਣੀ ਪੜ੍ਹਾਈ ਹਾਲੇ ਸ਼ੁਰੂ ਨਹੀਂ ਕੀਤੀ ਸੀ। ਇਸ ਸਬੰਧੀ ਜਦੋਂ ਬੱਚੀ ਦੇ ਮਾਪਿਆਂ ਨੂੰ ਸਕੂਲ ਵਿੱਚ ਦਾਖ਼ਲ ਨਾ ਕਰਵਾਉਣ ਦਾ ਕਾਰਨ ਪੁੱਛਿਆ ਤਾਂ ਬੱਚੀ ਦੇ ਪਿਤਾ ਨੇ ਕਿਹਾ ਕਿ ਇਹ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ ਇਸਨੇ ਕੀ ਪੜ੍ਹਨਾ ? ਉਨ੍ਹਾ ਦੱਸਿਆ ਕਿ ਬੱਚੀ ਦੇ ਮਾਪਿਆਂ ਦੀ ਕਾਊਂਸਲਿੰਗ ਕਰਕੇ ਪੜ੍ਹਾਈ ਲਈ ਸਹਿਮਤ ਕੀਤਾ ਅਤੇ ਬੱਚੀ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ, ਬਾਬਰਪੁਰ ਵਿੱਚ ਦਾਖਲ ਕਰਵਾ ਦਿੱਤਾ ਗਿਆ।

ਬਾਅਦ ਵਿੱਚ, ਬੱਚੀ ਦਾ ਦਿਵਿਆਂਗਤਾ ਦਾ ਸਰਟੀਫਿਕੇਟ ਬਣਵਾਇਆ ਅਤੇ ਸਰਕਾਰ ਵੱਲੋਂ ਜਾਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਗਗਨਦੀਪ ਕੌਰ ਜਦੋਂ ਪੰਜਵੀਂ ਜਮਾਤ ਪਾਸ ਕਰ ਗਈ ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਅਗਲੇ ਸਕੂਲ ਵਿੱਚ ਪੜ੍ਹਾਈ ਕਰਨ ਲਈ ਦਾਖਲ ਨਾ ਕਰਵਾਇਆ। ਉਨ੍ਹਾਂ ਦਾ ਮੰਨਣਾ ਸੀ ਕਿ ਗਗਨਦੀਪ ਕੌਰ ਦੀ ਪੜਾਈ ਜਾਰੀ ਰੱਖਣ ਨਾਲ ਬੋਲਣ ਅਤੇ ਸੁਣਨ ਤੋਂ ਅਸਮਰੱਥ ਬੱਚੀ ਨੂੰ ਹੋਰ ਔਕੜਾਂ ਆਉਣਗੀਆਂ, ਇਸੇ ਫਿਕਰਮੰਦੀ ਤਹਿਤ ਇੱਕ ਸਾਲ ਬੱਚੀ ਦੀ ਪੜ੍ਹਾਈ ਵਿੱਚ ਵਖਵਾ ਪੈ ਗਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਲੁਧਿਆਣਾ ਸ੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਬੱਚੀ ਦੇ ਮਾਪਿਆਂ ਦੀ ਮੁੜ ਕੋਂਸਲਿੰਗ ਕੀਤੀ ਤਾਂ ਉਸਦੇ ਪਿਤਾ ਬੱਚੀ ਨੂੰ ਸਕੂਲ ਭੇਜਣ ਲਈ ਸਹਿਮਤ ਹੋ ਗਏ ਤੇ ਬੱਚੀ ਨੂੰ ਸ.ਸ.ਸ.ਸ. ਸਿਹੌੜਾ ਵਿੱਚ ਦਾਖਲ ਕਰਵਾਇਆ ਗਿਆ। ਬੱਚੀ ਨੇ ਆਪਣੀ ਮਿਹਨਤ ਨਾਲ 10ਵੀਂ ਜਮਾਤ ਵਿੱਚੋਂ 650/650 ਅੰਕ ਪ੍ਰਾਪਤ ਕੀਤੇ ਜਦਕਿ 12ਵੀਂ ਜਮਾਤ ਵਿੱਚ 336/500 ਅੰਕ ਹਾਸਲ ਕੀਤੇ।

ਸਾਲ 2024 ਵਿੱਚ 10ਵੀ ਦੀ ਮੈਰਿਟ ਦੇ ਆਧਾਰ ‘ਤੇ ਡਾਕਖਾਨੇ ਵਿੱਚ ਨੌਕਰੀ ਨਿਕਲੀ, ਜਿਸ ਲਈ ਬੱਚੀ ਨੇ ਅਪਲਾਈ ਕੀਤਾ ਅਤੇ 10ਵੀਂ ਵਿੱਚ ਚੰਗੇ ਨੰਬਰ ਹੋਣ ਕਰਕੇ ਡਾਕਘਰ ਰਾਜਗੜ੍ਹ, ਦੋਰਾਹਾ (ਲੁਧਿਆਣਾ) ਵਿੱਚ ਜੀ.ਡੀ.ਐਸ. ਦੀ ਪੋਸਟ ਲਈ ਚੋਣ ਹੋ ਗਈ। ਬੱਚੀ ਦੇ ਮਾਪੇ ਉਸਦੀ ਸਫਲਤਾ ਲਈ ਬੇਹੱਦ ਖੁਸ਼ ਹਨ ਤੇ ਉਨ੍ਹਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਵਿੱਚ ਆਪਣਾ ਸੰਪੂਰਨ ਸਹਿਯੋਗ ਕਰਨ।