ਫ਼ਿਰੋਜ਼ਪੁਰ, 18 ਸਤੰਬਰ 2024:
ਸਿਵਲ ਸਰਜਨ ਫਿਰੋਜ਼ਪੁਰ, ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੀਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕੇ ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਜਿਸ ਤਹਿਤ 86 ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ, ਆਮ ਲੋਕਾਂ ਅਤੇ ਖੋਖਾ ਮਾਲਕਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਉਨ੍ਹਾਂ ਦੱਸਿਆ ਕੇ ਜਨਤਕ ਥਾਵਾਂ ’ਤੇ ਸਿਗਰੇਟਨੋਸ਼ੀ ਕਰਨ ਵਾਲੇ ਲੋਕਾਂ ਦੇ ਵੀ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਤੰਬਾਕੂ ਨਾਲ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਡਾ. ਰਾਜਵਿੰਦਰ ਕੌਰ ਨੇ ਕੋਟਪਾ ਐਕਟ ਦੀਆਂ ਧਾਰਾਵਾਂ ਤਹਿਤ ਹੋਣ ਵਾਲੀਆਂ ਵੱਖ-ਵੱਖ ਸਜ਼ਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਦੁਕਾਨ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਸਕੂਲਾਂ, ਕਾਲਜਾਂ ਆਦਿ ਅੱਗੇ ਤੰਬਾਕੂਨੋਸ਼ੀ ਸਬੰਧੀ ਚਿਤਾਵਨੀ ਬੋਰਡ ਲੱਗਿਆ ਹੋਣਾ ਜ਼ਰੂਰੀ ਹੈ, ਨਹੀਂ ਤਾਂ ਸਬੰਧਿਤ ਅਦਾਰੇ ਦੇ ਮਾਲਕ ਜਾਂ ਮੁਖੀ ਦਾ ਵੀ ਚਲਾਨ ਕੱਟਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੋਟਪਾ ਐਕਟ 2003 ਅਧੀਨ ਧਾਰਾ 4 ਅਨੁਸਾਰ ਕੋਈ ਵੀ ਵਿਅਕਤੀ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਨਹੀਂ ਕਰ ਸਕਦਾ, ਜਿਸ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਕੀਤਾ ਜਾਂਦਾ ਹੈ। ਧਾਰਾ 4 ਤਹਿਤ ਜਨਤਕ ਸਥਾਨਾਂ ਤੇ ਤੰਬਾਕੂਨੋਸ਼ੀ ਤੇ 200 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸੈਕਸ਼ਨ 6-(ਏ) ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰਟ ਜਾਂ ਹੋਰ ਤੰਬਾਕੂ ਉਤਪਾਦ ਵੇਚਣ/ਖਰੀਦਣ ’ਤੇ ਮਨਾਹੀ ਹੈ ਅਤੇ ਧਾਰਾ-6ਬੀ ਅਨੁਸਾਰ ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ਕਰਨਾ ਅਪਰਾਧ ਹੈ। ਧਾਰਾ 5 ਅਧੀਨ ਕਿਸੇ ਵੀ ਤੰਬਾਕੂ ਪਦਾਰਥ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ। ਧਾਰਾ-7 ਅਧੀਨ ਬਿਨਾਂ ਸਿਹਤ ਚੇਤਾਵਨੀ ਤੋਂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਰੋਕ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਰੋਜ਼ਾਨਾ ਔਸਤਨ 48 ਵਿਅਕਤੀਆਂ ਦੀ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮੌਤ ਹੋ ਜਾਂਦੀ ਹੈ। ਇਹੀ ਨਹੀਂ, ਤੰਬਾਕੂ ਦੇ ਸੇਵਨ ਨਾਲ ਮੂੰਹ ਦੇ ਕੈਂਸਰ ਅਤੇ ਮੂੰਹ ਦੀ ਬਦਬੂ ਸਮੇਤ ਦੰਦਾਂ ਦੀਆਂ ਬਿਮਾਰੀਆਂ ਵਰਗੇ ਭਿਆਨਕ ਰੋਗ ਹੁੰਦੇ ਹਨ। ਕਿਉਂਕਿ ਇਸ ਵਿਚ ਨਿਕੋਟਿਨ ਸਮੇਤ 4000 ਤੋਂ ਵੱਧ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਤੰਬਾਕੂ ਸੌਖਾ ਅਤੇ ਹਰ ਥਾਂ ਮਿਲਣ ਕਰਕੇ ਨਸ਼ਿਆਂ ਦਾ ਪ੍ਰਵੇਸ਼ ਦਵਾਰ ਹੈ। ਇਸ ਕਰਕੇ ਬੱਚਿਆਂ ਨੂੰ ਇਸ ਤੋਂ ਦੂਰ ਰੱਖਣਾ ਜ਼ਰੂਰੀ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਤ ਤੋਂ ਦੂਰ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।