ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀ ਸੀ ਆਸ਼ਿਕਾ ਜੈਨ ਦੀ ਅਗਵਾਈ ਚ ਸਪੋਰਟਸ ਕੰਪਲੈਕਸ ਮੋਹਾਲੀ ਵਿਖੇ “ਖੇਡਾਂ ਵਤਨ ਪੰਜਾਬ ਦੀਆਂ” ਦੀ ‘ਮਸ਼ਾਲ’ ਦਾ ਭਰਵਾਂ ਸਵਾਗਤ

S.A.S Nagar

ਐਸ ਏ ਐਸ ਨਗਰ/ਕੁਰਾਲੀ, 25 ਅਗਸਤ, 2026:

ਮੋਹਾਲੀ ਪ੍ਰਸ਼ਾਸਨ ਵੱਲੋਂ ਡੀ ਸੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਮਲਟੀਪਰਪਜ਼ ਸਪੋਰਟਸ ਕੰਪਲੈਕਸ, ਸੈਕਟਰ 78, ਮੋਹਾਲੀ ਵਿਖੇ “ਖੇਡਾਂ ਵਤਨ ਪੰਜਾਬ ਦੀਆਂ” ਦੇ ਤੀਜੇ ਐਡੀਸ਼ਨ, 2024-25 ਦੀ ਮਸ਼ਾਲ (ਟਾਰਚ ਰਿਲੇਅ) ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। 

     ਸਪੋਰਟਸ ਕੰਪਲੈਕਸ ਵਿਖੇ ਪ੍ਰੈਕਟਿਸ ਕਰ ਰਹੇ ਵੱਖ-ਵੱਖ ਖੇਡਾਂ ਦੇ ਉਭਰਦੇ ਖਿਡਾਰੀਆਂ ਦੇ ਨਾਲ ਸਵਾਗਤ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਵਿਸ਼ੇਸ਼ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਾਲ 2024-25 ਦਾ “ਖੇਡਾਂ ਵਤਨ ਪੰਜਾਬ ਦੀਆਂ” ਦਾ ਤੀਜਾ ਐਡੀਸ਼ਨ ਸ਼ੁਰੂ ਕਰਨ ਲਈ, ਐਸ.ਏ.ਐਸ. ਨਗਰ ਜ਼ਿਲ੍ਹਾ ਰਾਜ ਦਾ 13ਵਾਂ ਜ਼ਿਲ੍ਹਾ ਹੈ ਜਿੱਥੇ ਅੱਜ ਮਸ਼ਾਲ ਰਿਲੇਅ ਕੁਰਾਲੀ ਰਾਹੀਂ ਦਾਖਲ ਹੋਈ ਹੈ। ਉਨ੍ਹਾਂ ਦੱਸਿਆ ਕਿ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਐਸ.ਡੀ.ਐਮ ਖਰੜ ਗੁਰਮੰਦਰ ਸਿੰਘ ਵੱਲੋਂ ਰੂਪਨਗਰ ਤੋਂ ਕੁਰਾਲੀ ਵਿੱਚ ਦਾਖ਼ਲ ਹੋਣ ‘ਤੇ ਅੰਤਰ-ਜ਼ਿਲ੍ਹਾ ਸਰਹੱਦ ‘ਤੇ ਮਸ਼ਾਲ ਰਿਲੇਅ ਦਾ ਨਿੱਘਾ ਸਵਾਗਤ ਕੀਤਾ ਗਿਆ। 

      ਡਿਪਟੀ ਕਮਿਸ਼ਨਰ ਸ੍ਰੀਮਤੀ ਜੈਨ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਸੰਗਰੂਰ ਵਿਖੇ ‘ਖੇਡਣ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ। 

        ਉਨ੍ਹਾਂ ਕਿਹਾ ਕਿ ਭਾਗੀਦਾਰ ਖਿਡਾਰੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਹ https://eservices.punjab.gov.in ‘ਤੇ ਲਾਗਇਨ ਕਰਕੇ ਕੀਤੀ ਜਾ ਸਕਦੀ ਹੈ। ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 29 ਅਗਸਤ ਹੈ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਬਲਾਕ ਪੱਧਰੀ ਮੁਕਾਬਲੇ 2 ਤੋਂ 7 ਸਤੰਬਰ ਤੱਕ ਖਰੜ, ਕੁਰਾਲੀ, ਮੁਹਾਲੀ ਅਤੇ ਡੇਰਾਬੱਸੀ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ‘ਤੇ, ਭਾਗੀਦਾਰਾਂ ਨੂੰ 7 ਖੇਡਾਂ ਲਈ ਮੁਕਾਬਲਾ ਕਰਨਾ ਪੈਣਾ ਹੈ ਜਦੋਂ ਕਿ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਕੁੱਲ ਮਿਲਾ ਕੇ ਖੇਡਾਂ ਦੀ ਗਿਣਤੀ 37 ਹੋਵੇਗੀ। 

       ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮਸ਼ਾਲ ਰਿਲੇਅ ਦੇ ਪੁੱਜਣ ‘ਤੇ ਖੇਡ ਕੰਪਲੈਕਸ ਵਿਖੇ ਹੈਂਡਬਾਲ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸੂਬਾ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਪੰਜਾਬ ਦੇ ਖਿਡਾਰੀਆਂ ਨੂੰ ਇੱਕ ਕਰੋੜ ਰੁਪਏ ਤੱਕ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਪੰਜਾਬ ਦੇ ਹੋਰ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। 

    ਸੈਕਟਰ 78 ਦੇ ਸਟੇਡੀਅਮ ਵਿੱਚ ਰੁਕਣ ਬਾਅਦ ‘ਟੌਰਚ ਰਿਲੇਅ’ ਅਗਲੇ ਜ਼ਿਲ੍ਹੇ ਲਈ ਸੈਂਕੜੇ ਖਿਡਾਰੀਆਂ ਦੀ ਸ਼ਮੂਲੀਅਤ ਦਰਮਿਆਨ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਬੇਗਰਾ ਵੱਲੋਂ ਲਾਂਡਰਾ-ਚੁੰਨੀ ਮਾਰਗ ’ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਮਸ਼ਾਲ ਸੌਂਪੀ ਗਈ।

     ਮਸ਼ਾਲ ਦੇ ਸਵਾਗਤੀ ਸਮਾਰੋਹ ਦੌਰਾਨ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ, ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਬੇਗਰਾ ਸਮੇਤ ਖੇਡ ਕੰਪਲੈਕਸ ਵਿੱਚ ਤਾਇਨਾਤ ਕੋਚਾਂ ਵਿੱਚ ਰਾਕੇਸ਼ ਸ਼ਰਮਾ ਹੈਂਡਬਾਲ, ਸੁਰਜੀਤ ਸਿੰਘ ਫੁੱਟਬਾਲ,ਰੋਹਿਤ ਕੰਵਰ ਤੇ ਸੰਦੀਪ ਸਿੰਘ ਕੁਸ਼ਤੀ, ਗੁਰਸੀਸ ਸਿੰਘ ਐਥਲੈਟਿਕਸ, ਹਰਪ੍ਰੀਤ ਸਿੰਘ ਤੇ ਜਤਿੰਦਰ ਵਰਮਾ ਬਾਸਕਟਬਾਲ, ਅਮਨਦੀਪ ਕੌਰ ਕਬੱਡੀ, ਅਮਨਦੀਪ ਸਿੰਘ ਸਕੇਟਿੰਗ ਅਤੇ ਐਨ ਦੱਤਾ ਜਿਮਨਾਸਤਿਕ ਕੋਚ ਹਾਜ਼ਰ ਸਨ।