ਚੋਣ ਅਮਲੇ ਨੂੰ ਦਿੱਤੀ ਸਿਖਲਾਈ, ਨਿਰਪੱਖ ਚੋਣਾਂ ਲਈ ਜ਼ਿਲ੍ਹੇ ਵਿਚ ਤਾਇਨਾਤ ਹੋਣਗੇ 191 ਮਾਇਕ੍ਰੋ ਆਬਜਰਵਰ

Fazilka

ਫਾਜ਼ਿਲਕਾ 25 ਮਈ

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਤੇ ਸਾਂਤਮਈ ਚੋਣਾਂ ਲਈ ਸੰਵੇਦਨਸ਼ੀਲ ਬੂਥਾਂ ਤੇ ਮਾਇਕ੍ਰੋ ਆਬਜਰਵਰ ਤਾਇਨਾਤ ਕੀਤੇ ਜਾ ਰਹੇ ਹਨ ਜੋ ਕਿ ਸਿੱਧੇ ਤੌਰ ਤੇ ਜਨਰਲ ਅਬਜਰਵਰ ਨੂੰ ਰਿਪੋਰਟ ਕਰਣਗੇ।

ਇਹ ਗੱਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਇੱਥੇ ਇਸ ਸਬੰਧੀ ਚੋਣ ਅਮਲੇ ਨੂੰ ਦਿੱਤੀ ਜਾ ਰਹੀ ਸਿਖਲਾਈ ਦੌਰਾਨ ਆਖੀ। ਉਨ੍ਹਾਂ ਨੇ ਆਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਦੀ ਅਗਵਾਈ ਵਿਚ ਸਾਰੀਆਂ ਤਿਆਰੀਆਂ ਜਾਰੀ ਹਨ ਅਤੇ ਹਰ ਪ੍ਰਕਾਰ ਦੇ ਚੋਣ ਅਮਲੇ ਨੂੰ ਬਾਰੀਕੀ ਨਾਲ ਸਾਰੀਆਂ ਸਿਖਲਾਈਆਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਭਾਰਤ ਸਰਕਾਰ ਦੇ ਅਦਾਰਿਆਂ ਤੋਂ 191 ਮਾਇਕ੍ਰੋ ਆਬਜਰਵਰ ਤਾਇਨਾਤ ਕੀਤੇ ਗਏ ਹਨ ਜੋ ਕਿ ਸੰਵੇਦਨਸ਼ੀਲ ਬੂਥਾਂ ਤੇ ਜਨਰਲ ਅਬਜਰਵਰ ਦੇ ਪ੍ਰਤੀਨਿਧੀ ਵਜੋਂ ਨਿਗਰਾਨੀ ਕਰਣਗੇ ਅਤੇ ਚੋਣ ਤੋਂ ਬਾਅਦ ਆਪਣੀ ਰਿਪੋਰਟ ਜਨਰਲ ਅਬਜਰਵਰ ਨੂੰ ਹੀ ਦੇਣਗੇ।

ਚੋਣਾਂ ਦੌਰਾਨ ਇਹ ਮਾਇਕ੍ਰੋ ਆਬਜਰਵਰ ਮੋਕ ਪੋਲ ਤੋਂ ਲੈਕੇ ਪੋਲਿੰਗ ਸਟੇਸ਼ਨ ਤੇ ਸੁਰੱਖਿਆ, ਚੋਣ ਅਮਲੇ, ਪਾਰਟੀਆਂ ਦੇ ਏਂਜਟਾਂ ਆਦਿ ਸਭ ਤੇ ਨਿਗਾ ਰੱਖਣਗੇ ਅਤੇ ਯਕੀਨੀ ਬਣਾਉਣਗੇ ਕਿ ਸਾਰੀਆਂ ਪ੍ਰਕ੍ਰਿਆਵਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਹੋ ਰਹੀਆਂ ਹੋਣ।

ਇਸੇ ਤਰਾਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 829 ਪੋਲਿੰਗ ਬੂਥਾਂ ਤੋਂ ਵੇਬ ਕਾਸਟਿੰਗ ਹੋਵੇਗੀ ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਅਮਰਿੰਦਰ ਸਿੰਘ ਮੱਲੀ, ਜਲਾਲਾਬਾਦ ਦੇ ਐਸਡੀਐਮ ਸ੍ਰੀ ਬਲਕਰਨ ਸਿੰਘ, ਪੰਕਜ ਬਾਂਸਲ, ਨੋਡਲ ਅਫ਼ਸਰ ਡਾ: ਵਿਸ਼ਾਲੀ, ਡੀਟੀਸੀ ਮਨੀਸ਼ ਠੁਕਰਾਲ ਵੀ ਹਾਜਰ ਸਨ।