ਸਿਵਲ ਹਸਪਤਾਲ ਮਾਨਸਾ ਵਿਖੇ ਮਨਾਇਆਵਿਸ਼ਵ ਹਾਈਪਰਟੈਨਸ਼ਨ ਦਿਵਸ

Mansa

ਮਾਨਸਾ, 17 ਮਈ :
                   ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਮੂਹ ਹੈਲਥ ਐਂਡ ਵੈਲਨੈਸ ਸੈੰਟਰਾਂ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਾਰੇ ਗਲਤ ਧਾਰਨਾਵਾਂ ਨੂੰ ਦੂੂਰ ਕਰਨ ਲਈ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ।
               ਸਿਵਲ ਹਸਪਤਾਲ ਮਾਨਸਾ ਵਿਖੇ ਲਗਾਏ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਜਾਗਰੂਕਤਾ ਕੈਂਪ ਦੌਰਾਨ ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਲੋਕਾਂ ਨੂੰ ਹਾਈਪਰਟੈਂਸਨ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਿਆਦਾਤਰ ਗਲਤ ਖਾਣ-ਪੀਣ ਨਾਲ ਸਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਜਾਂਦੀ ਹੈ, ਜਿਸ ਦਾ ਕਈ ਵਾਰ ਅਸੀਂ ਸਮੇਂ ਅਨੁਸਾਰ ਧਿਆਨ ਨਹੀਂ ਦਿੰਦੇ ਅਤੇ ਸਮੇਂ ਸਿਰ ਦਵਾਈ ਨਾ ਖਾਣ ਕਾਰਨ ਕਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਦਿਲ ਦਾ ਦੌਰਾ ਪੈਣਾ, ਗੁਰਦਿਆਂ ਦਾ ਰੋਗ ਹੋਣਾ, ਅਧਰੰਗ ਦਾ ਹੋਣਾ, ਅੱਖਾਂ ਦੀ ਬਿਮਾਰੀਆਂ ਆਦਿ ਹੋ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਘਰ-ਘਰ ਜਾ ਕੇ ਅਕਸਰ ਬਲੱਡ ਪ੍ਰੈਸ਼ਰ ਦੇ ਬਾਰੇ ਸਰਵੇ ਕਰਦੇ ਹਨ ਅਤੇ ਬਲੱਡ ਪ੍ਰੈਸ਼ਰ ਦੇ ਸ਼ੱਕੀ ਮਰੀਜ਼ਾਂ ਨੂੰ ਪਹਿਲਾਂ ਹੈਲਥ ਵੈਲਨੈਸ ਸੈਂਟਰ ਤੇ ਸੀ.ਐਚ.ਓ ਦੁਆਰਾ ਜਾਂਚ ਕਰਨ ਉਪਰੰਤ ਮਰੀਜ ਨੂੰ ਡਾਕਟਰ ਕੋਲ ਦਵਾਈ ਲਈ ਸਲਾਹ ਲੈਣ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰ ਦੀ ਸਲਾਹ ਅਤੇ ਰੋਜ਼ਾਨਾ ਇਲਾਜ ਨਾਲ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਅਪਣੇ ਆਪ ਦਵਾਈ ਨਹੀ ਛੱਡਣੀ ਚਾਹੀਦੀ।
ਡਾ. ਅਮਿਤ ਸ਼ਰਮਾ ਐਮ.ਡੀ. ਮੈਡੀਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੱਡ ਪ੍ਰੈਸ਼ਰ ਅਤੇ ਸੂਗਰ ਦੇ ਮਰੀਜ਼ ਨੂੰ ਲਗਾਤਾਰ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਲੱਡ ਪ੍ਰੈਸ਼ਰ ਅਤੇ ਹਾਈਪਰਟੈਂਸ਼ਨ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣਾ ਭਾਰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ, ਰੋਜਾਨਾ ਅੱਧਾ ਘੰਟਾ ਸੈਰ ਕਰਨੀ ਚਾਹੀਦੀ ਹੈ, ਨਮਕ ਤੇ ਤਲੀਆਂ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ, ਤੰਬਾਕੂ ਅਤੇ ਸ਼ਰਾਬ ਤੋਂ ਪਰਹੇਜ ਰੱਖਣਾ ਚਾਹੀਦਾ ਹੈ।
ਵਿਜੇ ਕੁਮਾਰ ਜੈਨ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਲੋੋਕ ਮਨਮਰਜ਼ੀ ਨਾਲ ਦਵਾਈ ਦਾ ਸੇਵਨ ਨਾ ਕਰਨ ਅਤੇ ਦਵਾਈ ਘਰ ਦੇ ਨੇੜੇ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਇਨ੍ਹਾਂ ਬਿਮਾਰੀਆਂ ਪ੍ਰਤੀ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਦੇ ਮੁੱਖ ਕਾਰਨ ਗਲਤ ਖਾਣ ਪੀਣ, ਮੋਟਾਪਾ, ਕਸਰਤ ਘੱਟ ਕਰਨੀ, ਸ਼ੂਗਰ, ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ, ਸਿਗਰਟ ਤੰਬਾਕੂ ਦਾ ਸੇਵਣ ਕਰਨਾ, ਦਿਮਾਗੀ ਪਰੇਸ਼ਾਨੀ, ਬੁਢਾਪਾ ਆਦਿ ਹਨ।
ਇਸ ਮੌਕੇ ਡਾਕਟਰ ਕੰਵਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਹਰਪ੍ਰੀਤ ਕੌਰ ਡੀ.ਐਮ.ਸੀ. ਡਾਕਟਰ, ਬਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਛਵੀ ਬਜਾਜ ਮਾਨਸਿਕ ਰੋਗਾਂ ਦੇ ਮਾਹਿਰ, ਮੀਨਾਕਸ਼ੀ ਰਾਣੀ ਕੌਂਸਲਰ ਕੈਂਸਰ ਸੈਲ ਮਾਨਸਾ, ਤਨੂ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਦਰਸ਼ਨ ਸਿੰਘ ਮੌਜੂਦ ਸਨ।