ਫਿਰੋਜ਼ਪੁਰ, 25 ਅਪ੍ਰੈਲ 2024.
ਪੰਜਾਬ ਰਾਜ ਅੰਦਰ ਪਰਾਲੀ ਦੀ ਸਾਂਭ-ਸੰਭਾਲ ਲਈ ਸਰਕਾਰ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਸਾਫ-ਸੁਥਰਾ ਵਾਤਾਵਰਣ ਮਹੁੱਈਆ ਕਰਵਾਇਆ ਜਾ ਸਕੇ। ਕਿਸਾਨਾਂ ਦੀ ਪਰਾਲੀ ਸਬੰਧੀ ਸਮੱਸਿਆ ਨਾਲ ਨਜਿੱਠਣ ਲਈ ਵੱਖ-ਵੱਖ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਅਰੁਣ ਸ਼ਰਮਾ ਨੇ ਜ਼ਿਲ੍ਹੇ ਦੀਆਂ ਪ੍ਰਮੁੱਖ ਸਨਅਤਾਂ ਦੇ ਨੁਮਾਇੰਦਿਆਂ, ਭੱਠਾ ਮਾਲਕਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਜਿਲ੍ਹਾ ਉਦਯੋਗ ਕੇਂਦਰ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦਿੱਤੀ।
ਸ੍ਰੀ ਅਰੁਣ ਸ਼ਰਮਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਤੋਂ ਪੈਲੇਟ ਬਣਾਉਣ ਲਈ ਸਨਅਤ ਲਗਾਉਣ ਲਈ ਕਈ ਤਰ੍ਹਾਂ ਦੀਆ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ। ਉਨ੍ਹਾਂ ਸਨਅਤਾਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਉਹ ਪਰਾਲੀ ਦੀ ਵਰਤੋਂ ਵਾਲੇ ਬਾਇਲਰ ਲਗਾਉਣ ਜਿਸ ਨਾਲ ਉਨ੍ਹਾਂ ਨੂੰ ਹੋਰ ਬਾਲਣ ਵਰਤਣ ਨਾਲ ਹੋਣ ਵਾਲੇ ਖਰਚੇ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਨਾਲ ਕਿਸਾਨਾਂ ਦੀ ਪਰਾਲੀ ਨੂੰ ਵੀ ਸਹੀ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਭੱਠਾ ਮਾਲਕ ਐਸ਼ੋਸ਼ੀਐਸਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਆਪਣੇ ਭੱਠਿਆਂ ਵਿੱਚ ਕੋਲੇ ਦੇ ਨਾਲ-ਨਾਲ 20 ਪ੍ਰਤੀਸ਼ਤ ਪਰਾਲੀ ਤੋਂ ਬਣੇ ਪੈਲੇਟ ਨੂੰ ਬਾਲਣ ਵਜੋਂ ਵਰਤਣਾ ਯਕੀਨੀ ਬਣਾਉਣ ਅਤੇ ਉਨਾਂ ਇਹ ਵੀ ਸਲਾਹ ਦਿੱਤੀ ਗਈ ਕਿ ਭੱਠਾ ਮਾਲਕ ਆਪਸ ਵਿੱਚ ਮਿਲਕੇ ਜ਼ਿਲ੍ਹੇ ਵਿੱਚ ਪੈਲੇਟ ਬਣਾਉਣ ਵਾਲਾ ਯੂਨਿਟ ਲਗਾਉਣ ਅਤੇ ਇਸ ਕੰਮ ਲਈ ਲਈ ਸਰਕਾਰ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਤਿਆਰ ਹੈ ਅਤੇ ਜੇਕਰ ਉਹ ਇਹ ਪੈਲੇਟ ਆਪਣੇ ਪੱਧਰ ਤੇ ਤਿਆਰ ਕਰਦੇ ਹਨ ਤਾਂ ਉਹਨਾਂ ਦਾ ਖਰਚ ਹੋਰ ਵੀ ਘਟਾਇਆ ਜਾ ਸਕਦਾ ਹੈ। ਮੀਟਿੰਗ ਦੇ ਆਖੀਰ ਵਿੱਚ ਸਨਅਤਾਂ ਦੇ ਨੁਮਾਇੰਦਿਆਂ ਵੱਲੋਂ ਵਿਸ਼ਵਾਸ਼ ਦੁਆਇਆ ਗਿਆ ਕਿ ਪੈਲੇਟ ਯੂਨਿਟ ਸਥਾਪਤ ਕਰਨ ਸਬੰਧੀ ਉਹ ਅਪਸੀ ਸਲਾਹ-ਮਸ਼ਵਰਾ ਕਰਕੇ ਆਪਣਾ ਫੈਸਲਾ ਜਲਦ ਹੀ ਡਿਪਟੀ ਕਮਿਸ਼ਨਰ ਜੀ ਦੇ ਸਨਮੁੱਖ ਪੇਸ਼ ਕਰਨਗੇ।