ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਐਨ.ਐਸ.ਟੀ.ਆਈ. ਗਿੱਲ ਰੋਡ ਵਿਖੇ ਮਨੁੱਖੀ ਚੇਨ ਬਣਾਈ ਗਈ

Ludhiana

ਲੁਧਿਆਣਾ, 24 ਅਪ੍ਰੈਲ (000) – ਹਲਕਾ 062 ਆਤਮ ਨਗਰ ਵਿਖੇ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਆਪਣੇ ‘ਵੋਟ ਦੇ ਅਧਿਕਾਰ’ ਦੀ ਵਰਤੋਂ ਕਰਨ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ (ਐਨ.ਐਸ.ਟੀ.ਆਈ.), ਗਿੱਲ ਰੋਡ ਵਿਖੇ ਮਨੁੱਖੀ ਚੇਨ ਬਣਾਈ ਗਈ।

ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ  ਨੌਜਵਾਨਾਂ ਖਾਸ ਕਰਕੇ ਪਹਿਲੀ ਵਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੋਸਟਰ ਮੇਕਿੰਗ, ਰੰਗੋਲੀ ਅਤੇ ‘ਮਹਿੰਦੀ’ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।

ਇਸੇ ਲੜੀ ਤਹਿਤ ਹਲਕਾ 062-ਆਤਮ ਨਗਰ ਦੇ ਈ.ਆਰ.ਓ. ਪਰਮਦੀਪ ਸਿੰਘ, ਪੀ.ਸੀ.ਐਸ. ਦੀ ਸਰਪ੍ਰਸਤੀ ਅਤੇ ਸਵੀਪ ਨੋਡਲ ਅਫ਼ਸਰ ਬਲਵੰਤ ਸਿੰਘ, ਕੋ-ਨੋਡਲ ਅਫ਼ਸਰ ਸਵੀਪ ਰਜਿੰਦਰ ਸਿੰਘ ਦੀ ਅਗਵਾਈ ਹੇਠ, ਸ਼ਿਵੀ ਜੋਸ਼ੀ ਅਤੇ ਮਨਜੀਤ ਸਿੰਘ ਨੋਡਲ ਅਫ਼ਸਰ ਸਵੀਪ (ਕਾਲਜ) ਅਤੇ ਸੁਭਾਸ਼ ਚੰਦਰਾ ਜੁਆਇੰਟ ਡਾਇਰੈਕਟਰ ਵੱਲੋਂ ਵੋਟਰਾਂ ਵਿੱਚ ਜਾਗਰੂਕਤਾ ਲਿਆਉਣ ਲਈ ਐਨ.ਐਸ.ਟੀ.ਆਈ., ਗਿੱਲ ਰੋਡ ਵਿਖੇ ਮਨੁੱਖੀ ਚੇਨ ਬਣਾਈ ਗਈ ਅਤੇ ਨੌਜਵਾਨਾਂ ਨੂੰ ਆਪਣੀ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਦਾ ਉਦੇਸ਼ ਲੋਕ ਸਭਾ ਚੋਣਾਂ – 2024 ਦੀਆਂ ਚੋਣਾਂ ਦੌਰਾਨ ਵੋਟਰਾਂ ਦੀ ਵੱਧ ਤੋਂ ਵੱਧ ਭਾਈਵਾਲੀ ਨੂੰ ਯਕੀਨੀ ਬਣਾਉਣਾ ਅਤੇ ਲੋਕ ਸਭਾ ਚੋਣਾਂ ਦੌਰਾਨ 70 ਫੀਸਦੀ (ਇਸ ਵਾਰ, 70 ਪਾਰ) ਤੋਂ ਵੱਧ ਵੋਟਰਾਂ ਦੇ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਯੋਗ ਨੌਜਵਾਨਾਂ ਦੀਆਂ ਨਵੀਆਂ ਵੋਟਾਂ ਬਣਾਉਣ ਲਈ ਵਿਦਿਅਕ ਸੰਸਥਾਵਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ। ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਪਹਿਲੀ ਵਾਰ ਵੋਟ ਪਾਉਣ ਵਾਲੇ ਯੋਗ ਵੋਟਰਾਂ ਨੂੰ ‘ਵੋਟਰ ਹੈਲਪਲਾਈਨ’ ਮੋਬਾਈਲ ਐਪਲੀਕੇਸ਼ਨ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਬਾਰੇ ਸੂਚਿਤ ਕੀਤਾ ਜਾ ਰਿਹਾ ਹੈ, ਜਿਸ ਦੀ ਵਰਤੋਂ ਆਪਣੇ ਆਪ ਨੂੰ ਵੋਟਰ ਵਜੋਂ ਰਜਿਸ਼ਟਰ ਕਰਨ ਲਈ ਕੀਤੀ ਜਾ ਸਕਦੀ ਹੈ। ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਵਸਨੀਕ ਵੈਬਸਾਈਟ www.nvsp.in ‘ਤੇ ਵੀ ਜਾ ਸਕਦੇ ਹਨ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਅਤੇ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਪ੍ਰਭਾਵ ਹੇਠ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।