ਨਿਹਾਲ ਸਿੰਘ ਵਾਲਾ ਦੇ ਕਮਿਊਨਿਟੀ ਹੈਲਥ ਸੈਂਟਰਾਂ ਦੇ ਸਟਾਫ਼ ਵੱਲੋਂ ਪਿੰਡਾਂ ਵਿੱਚ ਫੈਲਾਈ ਵੋਟ ਪ੍ਰਤੀ ਜਾਗਰੂਕਤਾ

Moga

ਨਿਹਾਲ ਸਿੰਘ ਵਾਲਾ, 16 ਅਪ੍ਰੈਲ:
ਬਲਾਕ ਨਿਹਾਲ ਸਿੰਘ ਵਾਲਾ ਵਿੱਚ ਵੀ ਸਵੀਪ ਗਤੀਵਿਧੀਆਂ ਲਗਾਤਾਰ ਜਾਰੀ ਹਨ। ਅੱਜ ਕਮਿਊਨਿਟੀ ਹੈਲਥ ਸੈਂਟਰਾਂ ਦੇ ਸਟਾਫ਼ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਵੋਟ ਪ੍ਰਤੀ ਜਾਗਰੂਕਤਾ ਫੈਲਾਈ ਗਈ, ਇਸ ਤੋਂ ਇਲਾਵਾ ਇੱਥੋਂ ਦੇ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਵੋਟ ਨਾਲ ਸਬੰਧਤ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਸ੍ਰੀਮਤੀ ਸਿਵਾਤੀ ਟਿਵਾਣਾ ਨੇ ਦੱਸਿਆ ਕਿ ਸਵੀਪ ਗਤੀਵਿਧੀਆਂ ਜਰੀਏ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਦੀ ਵੋਟ ਹਾਲੇ ਵੀ ਨਹੀਂ ਬਣੀ ਅਤੇ ਉਨ੍ਹਾਂ ਨੇ 18 ਸਾਲ ਦੀ ਉਮਰ ਪੂਰੀ ਕਰ ਲਈ ਹੈ ਤਾਂ 4 ਮਈ 2024 ਤੱਕ ਵੋਟ ਬਣਾਈ ਜਾ ਸਕਦੀ ਹੈ। ਵੋਟ ਬਣਾਉਣ ਲਈ ਫਾਰਮ ਨੰਬਰ 6 ਭਰਿਆ ਜਾ ਸਕਦਾ ਹੈ। ਇਹ ਫਾਰਮ ਆਫਲਾਈਨ ਆਪਣੇ ਬੀ ਐਲ ਓ ਕੋਲੋਂ ਭਰਿਆ ਜਾ ਸਕਦਾ ਹੈ ਤੇ ਇਸ ਫਾਰਮ ਨੂੰ ਆਨਲਾਈਨ ਭਰਨ ਲਈ ਮੋਬਾਈਲ ਵਿੱਚ ਵੋਟਰ ਹੈਲਪਲਾਈਨ ਐਪ ਇੰਸਟਾਲ ਕੀਤਾ ਜਾ ਸਕਦਾ ਹੈ। ਇਹ ਐਪ ਕੇਵਲ ਵੋਟ ਬਣਾਉਣ ਲਈ ਹੀ ਨਹੀਂ ਬਲਕਿ ਵੋਟਾਂ ਨਾਲ ਸੰਬੰਧਿਤ ਹੋਰ ਵੀ ਕੰਮ ਕਰਨ  ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦਿਵਿਆਂਗ ਵੋਟਰ ਆਪਣੀ ਵੋਟ ਅਧਿਕਾਰ ਸਬੰਧੀ ਜਾਂ ਵੋਟਾਂ ਵਾਲੇ ਦਿਨ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਨ ਲਈ ਸਕਸ਼ਮ ਐਪ ਦੀ ਵਰਤੋਂ ਕਰ ਸਕਦੇ ਹਨ। ਚੋਣ ਜ਼ਾਬਤਾ ਦੀ ਉਲੰਘਣਾ ਮੋਬਾਈਲ ਦੇ ਸੀ ਵਿਜਿਲ ਐਪ ਰਾਹੀਂ ਸ਼ਿਕਾਇਤ ਕੀਤੀ  ਜਾ ਸਕਦੀ ਹੈ। ਹੈਲਪਲਾਈਨ ਨੰਬਰ 1950 ਵੀ ਇਹਨਾਂ ਸਾਰੀਆਂ ਸਹੂਲਤਾਂ ਬਾਰੇ ਜਾਣਨ ਲਈ ਅਤੇ ਸ਼ਿਕਾਇਤ ਲਈ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਈ ਵੀ ਐਮ  ਬਾਰੇ ਫੈਲਾਏ ਜਾ ਰਹੇ ਭਰਮ ਗ਼ਲਤ ਨੇ, ਇਹ ਬਿਲਕੁਲ ਠੀਕ ਕੰਮ ਕਰਦੀ ਹੈ ਅਤੇ ਇਸ ਰਾਹੀਂ ਕਿਸੇ ਕਿਸਮ ਦੀ ਹੇਰਾਫੇਰੀ ਸੰਭਵ ਨਹੀਂ ਹੈ। ਇਸ ਮਸ਼ੀਨ ਨਾਲ ਵੀ ਵੀ ਪੈਟ ਮਸ਼ੀਨ ਵੀ ਲਗਦੀ ਹੈ ਜਿਸ ਉਪਰ ਅਸੀਂ ਉਸਦੀ ਫੋਟੋ ਅਤੇ ਨਿਸ਼ਾਨ ਵੀ ਦੇਖ ਸਕਦੇ ਹਾਂ ਜਿਸਨੂੰ ਅਸੀਂ ਆਪਣੀ ਵੋਟ ਪਾਈ ਹੈ।
ਉਨ੍ਹਾਂ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੀ ਸਵੀਪ ਟੀਮ ਵੋਟ ਫੀਸਦੀ ਵਿੱਚ ਵਾਧਾ ਕਰਨ ਲਈ ਪੁਰਜ਼ੋਰ ਯਤਨਸ਼ੀਲ ਰਹੇਗੀ।