ਮਾਨਸਾ, 02 ਅਪ੍ਰੈਲ:
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਡੀ.ਐਮ. ਬੁਢਲਾਡਾ ਸ੍ਰੀ ਗਗਨਦੀਪ ਸਿੰਘ ਦੀ ਅਗਵਾਈ ਵਿਚ ਬਰੇਟਾ ਦੇ ਯੂਨੀਵਰਸਿਟੀ ਕਾਲਜ ਆਫ ਬਹਾਦਰਪੁਰ ਵਿਖੇ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਮੇਕਿੰਗ, ਰੰਗੋਲੀ, ਭਾਸ਼ਣ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ।
ਸਵੀਪ ਨੋਡਲ ਅਫ਼ਸਰ ਪ੍ਰਦੀਪ ਸਿੰਘ, ਸਵੀਪ ਆਈਕਨ ਊਧਮ ਸਿੰਘ ਅਤੇ ਆਈਕਨ ਪੀ.ਡਬਲਯੂ.ਡੀ. ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਵੋਟ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਲੋਕਤੰਤਰ ਦੀ ਮਜ਼ਬੂਤੀ ਲਈ ਚੋਣਾਂ ਵਿਚ ਆਪਣੀ ਭਾਗੀਦਾਰੀ ਵਧਾਉਣ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ ਕਿ ਭਾਰਤ ਇਕ ਲੋਕਤਾਂਤਰਿਕ ਦੇਸ਼ ਹੈ ਅਤੇ ਇੱਥੋਂ ਦੇ ਨਾਗਰਿਕਾਂ ਨੂੰ ਆਪਣੇ ਵੋਟ ਦੀ ਵਰਤੋਂ ਕਰਦਿਆਂ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਪ੍ਰਾਪਤ ਹੈ। ਸਾਨੂੰ ਇਸ ਅਧਿਕਾਰ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆ ਵਧ ਚੜ੍ਹ ਕੇ ਮਤਦਾਨ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਵੋਟਰ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਾ ਕੇ ਲੋਕਤਾਂਤਰਿਕ ਪ੍ਰਣਾਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਆਪਣੀ ਵੋਟ ਦੀ ਵਰਤੋਂ ਕਰਨ ਦਾ ਪ੍ਰਣ ਲਿਆ ਅਤੇ ਵੋਟਰ ਜਾਗਰੁਕਤਾ ਮੁਕਾਬਲਿਆਂ ਵਿਚ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ