ਪਟਿਆਲਾ, 7 ਫਰਵਰੀ:
ਪਟਿਆਲਾ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਸਰਕਾਰੀ ਆਈ. ਟੀ. ਆਈ (ਲੜਕੇ), ਪਟਿਆਲਾ ਦੇ ਸਹਿਯੋਗ ਨਾਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ, ਡੀ.ਬੀ.ਈ.ਈ. ਡਾ. ਪ੍ਰੀਤੀ ਯਾਦਵ ਦੀ ਰਹਿਨੁਮਾਈ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)- ਕਮ- ਸੀ.ਈ.ਓ. ਡੀ.ਬੀ.ਈ.ਈ. ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਲਗਾਏ ਮੇਲੇ ਵਿੱਚ 215 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਹੋਈ ਹੈ।
ਇਸ ਮੌਕੇ ਭਾਗ ਲੈ ਰਹੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸਰਕਾਰੀ ਆਈ. ਟੀ. ਆਈ (ਲੜਕੇ), ਨਾਭਾ ਰੋਡ, ਪਟਿਆਲਾ ਹਰਦੀਪ ਕੁਮਾਰ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਵੀ ਸਰਕਾਰ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ। ਪਲੇਸਮੈਂਟ ਅਫ਼ਸਰ ਠਾਕੁਰ ਸੌਰਭ ਸਿੰਘ ਨੇ ਜਾਣਕਾਰੀ ਦਿੱਤੀ ਕਿ ਰੋਜ਼ਗਾਰ ਮੇਲੇ ਵਿੱਚ ਲਗਭਗ 21 ਪ੍ਰਾਈਵੇਟ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਵਾਲੇ ਵਿਭਾਗਾਂ ਵੱਲੋਂ ਹਿੱਸਾ ਲਿਆ ਗਿਆ। ਰੋਜ਼ਗਾਰ ਮੇਲੇ ਵਿੱਚ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਜੀ. ਐਸ . ਏ ਇੰਡਸਟਰੀਜ਼, ਟੈਕ ਮਹਿੰਦਰਾ, ਚੈਕਮੇਟ ਸਿਕਿਉਰਿਟੀ, ਜੇ ਐਸ ਡਬਲਿਊ, ਪ੍ਰੀਤ ਟਰੈਕਟਰ, ਐਸ.ਬੀ. ਆਈ ਲਾਈਫ਼,ਸਵਰਾਜ ਗਰੁੱਪ ਵੱਲੋਂ ਜ਼ਿਲ੍ਹਾ ਪਟਿਆਲਾ ਵਾਸਤੇ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਲਈ ਗਈ।
ਇਸ ਕੈਂਪ ਵਿੱਚ ਉਕਤ ਕੰਪਨੀਆਂ ਵੱਲੋਂ ਹੈਲਪਰ, ਫਿਟਰ, ਵਰਕਰ, ਇਲੈਕਟ੍ਰੀਸ਼ੀਅਨ, ਟਰਨਰ, ਫਿਟਰ, ਮਸ਼ੀਨਿਸਟ, ਸੀਐਨਸੀ/ਵੀਐਮਸੀ ਆਪਰੇਟਰ, ਮਕੈਨਿਕ, ਵੈਲਡਰ, ਕੋ- ਆਰਡੀਨੇਟਰ ਆਈ.ਟੀ., ਅਕਾਊਂਟਸ ਐਗਜ਼ੀਕਿਊਟਿਵ, ਸੇਲਜ਼ ਮੈਨੇਜਰ, ਡਿਪਲੋਮਾ ਮਕੈਨੀਕਲ ਇੰਜੀਨੀਅਰ, ਸਕਿਉਰਿਟੀ ਗਾਰਡਸ, ਮੈਨੇਜਰ, ਸਹਾਇਕ ਮੈਨੇਜਰ, ਸੇਲਜ਼ ਐਗਜ਼ੀਕਿਊਟਿਵ ਅਤੇ ਕੰਪਿਊਟਰ ਓਪਰੇਟਰ ਆਦਿ ਦੀਆਂ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਗਈ।
ਇਸ ਕੈਂਪ ਵਿੱਚ 438 ਉਮੀਦਵਾਰਾਂ ਨੇ ਭਾਗ ਲਿਆ ਅਤੇ 215 ਉਮੀਦਵਾਰਾਂ ਦੀ ਮੌਕੇ ਤੇ ਹੀ ਚੋਣ ਕੀਤੀ ਗਈ। ਇਸ ਕੈਂਪ ਦੌਰਾਨ ਇੰਟਰਵਿਊ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਯੋਗਤਾ ਅਤੇ ਅਹੁਦੇ ਅਨੁਸਾਰ ਸੈਲਰੀ ਮਿਲਣ ਯੋਗ ਹੈ। ਇਸ ਮੌਕੇ ਸ਼੍ਰੀ ਗੁਰਪ੍ਰੀਤ ਸਿੰਘ ਪਲੇਸਮੈਂਟ ਅਫ਼ਸਰ ਸਰਕਾਰੀ ਆਈ. ਟੀ. ਆਈ (ਲੜਕੇ) ਅਤੇ ਰੋਜ਼ਗਾਰ ਦਫ਼ਤਰ ਦਾ ਸਟਾਫ਼ ਮੌਜੂਦ ਸੀ।
ਆਈ.ਟੀ.ਆਈ ਵਿਖੇ ਰੋਜ਼ਗਾਰ ਮੇਲੇ ’ਚ 215 ਉਮੀਦਵਾਰਾਂ ਦੀ ਹੋਈ ਚੋਣ


