ਫ਼ਤਹਿਗੜ੍ਹ ਸਾਹਿਬ, 12 ਫਰਵਰੀ
ਡਾ.ਰਵਜੋਤ ਗਰੇਵਾਲ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਇੱਥੇ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ
ਦੱਸਿਆ ਕਿ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਰਾਕੇਸ਼ ਯਾਦਵ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਅਤੇ ਨਿਖਿਲ ਗਰਗ, ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ, ਸੀ. ਆਈ.ਏ. ਸਰਹਿੰਦ ਦੀ ਨਿਗਰਾਨੀ ਵਿੱਚ ਪੁਲਿਸ ਟੀਮ ਨੇ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 02 ਮੈਂਬਰਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ।
ਅੰਮ੍ਰਿਤਸਰ ਦੇ ਰਹਿਣ ਵਾਲੇ ਇਹਨਾਂ ਦੋ ਮੁਲਜ਼ਮਾਂ ਤੋਂ 05 ਕੰਟਰੀ ਮੇਡ ਪਿਸਟਲ (.32) ਬੋਰ ਸਮੇਤ 05 ਰੌਂਦ, 01 ਐਕਟਿਵਾ ਤੇ 02 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮਿਤੀ 11.02.2025 ਨੂੰ ਸੀ.ਆਈ.ਏ. ਦੀ ਟੀਮ ਨੇ ਸਾਹਿਲ ਅਤੇ ਗੁਰਕੀਰਤ ਸਿੰਘ ਵਾਸੀਆਨ ਅੰਮ੍ਰਿਤਸਰ ਨੂੰ ਸਰਹਿੰਦ ਤੋਂ ਕਾਬੂ ਕਰ ਕੇ ਅਸਲਾ ਬਰਾਮਦ ਕੀਤਾ। ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 12 ਮਿਤੀ 11.02.25 ਅ/ਧ 25 ਅਸਲਾ ਐਕਟ ਥਾਣਾ ਸਰਹਿੰਦ ਦਰਜ ਕੀਤਾ ਗਿਆ ਹੈ।
ਮੁਲਜ਼ਮ ਗੁਰਕੀਰਤ ਸਿੰਘ ਇੱਕ ਸਾਲ ਮਲੇਸ਼ੀਆ ਲਗਾ ਕੇ ਮਈ 2024 ਵਿੱਚ ਵਾਪਸ ਆਇਆ ਹੈ। ਇਹ ਦੋਵੇ ਮੁਲਜ਼ਮ ਗੈਂਗਸਟਰ ਅਰਸ਼ ਡੱਲਾ ਲਈ ਪਟਿਆਲਾ ਜੇਲ੍ਹ ਵਿੱਚ ਬੰਦ ਮੁਲਜ਼ਮ ਤੇਜਬੀਰ ਸਿੰਘ ਉਰਫ ਸਾਬੂ ਵਾਸੀ ਅੰਮ੍ਰਿਤਸਰ ਰਾਹੀਂ ਕੰਮ ਕਰਦੇ ਸਨ, ਜੋ ਕਿ ਕਤਲ ਅਤੇ ਨਜ਼ਾਇਜ਼ ਅਸਲਿਆਂ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਹੈ।
ਮੁਲਜ਼ਮ ਸਾਹਿਲ ਅਤੇ ਤੇਜਬੀਰ ਸਿੰਘ ਅੰਮ੍ਰਿਤਸਰ ਦੇ ਮੁਹੱਲਾ ਸ਼ਰੀਫਪੁਰਾ ਦੇ ਰਹਿਣ ਵਾਲੇ ਹਨ, ਜਿਸ ਕਰਕੇ ਇਹ ਇੱਕ ਦੂਜੇ ਦੇ ਦੋਸਤ ਹਨ। ਤੇਜਬੀਰ ਸਿੰਘ ਉਰਫ ਸਾਬੂ ਗੈਂਗਸਟਰ ਅਰਸ਼ ਡੱਲੇ ਦਾ ਐਸੋਸੀਏਟ ਹੈ, ਜਿਸ ਨੇ ਕਥਿਤ ਤੌਰ ਉੱਤੇ ਅੰਮ੍ਰਿਤਸਰ ਵਿੱਚ ਇੱਕ ਕਤਲ ਦੀ ਵਾਰਦਾਤ ਅਤੇ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇਹਨਾਂ ਮੁਲਜ਼ਮਾਂ ਨੂੰ ਇਹ ਅਸਲੇ ਮੁਹੱਈਆ ਕਰਵਾਏ ਸਨ, ਜਿਹਨਾਂ ਨੂੰ ਸਮਾਂ ਰਹਿੰਦਿਆ ਹੀ ਕਾਬੂ ਕਰ ਕੇ ਕਿਸੇ ਵੱਡੀ ਵਾਰਦਾਤ ਨੂੰ ਹੋਣ ਤੋਂ ਰੋਕਿਆ ਗਿਆ ਹੈ।
ਪਟਿਆਲਾ ਜੇਲ੍ਹ ਵਿੱਚ ਬੰਦ ਮੁਲਜ਼ਮ ਤੇਜਬੀਰ ਸਿੰਘ ਨੂੰ ਜੇਲ੍ਹ ਵਿੱਚੋਂ ਲਿਆ ਕੇ ਡੂੰਘਾਈ ਨਾਲ ਪੁੱਛਗਿੱਛ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਤਿੰਨੋ ਮੁਲਜ਼ਮ ਪੁਲਿਸ ਰਿਮਾਂਡ ‘ਤੇ ਹਨ।
*ਕੁੱਲ ਬਰਾਮਦਗੀ*:-
5 ਪਿਸਟਲ (.32) ਬੋਰ ਸਮੇਤ 05 ਰੌਂਦ, ਇੱਕ ਵਾਈਟ ਐਕਟਿਵਾ ਤੇ 02 ਮੋਬਾਈਲ ਫੋਨ।
*ਮੁਲਜ਼ਮ ਤੇਜਬੀਰ ਸਿੰਘ ‘ਤੇ ਪਹਿਲਾਂ ਦਰਜ ਮੁਕੱਦਮੇ*:-
1. ਮੁ. ਨੰ. 208 ਅ/ਧ 18/07/2022 ਅ/ਧ 25 ਅਸਲਾ ਐਕਟ ਥਾਣਾ ਕੈਂਟ, ਸਿਟੀ ਅੰਮ੍ਰਿਤਸਰ
2. ਮੁ. ਨੰ. 05 ਅ/ਧ 04/01/2023 ਅ/ਧ 25 ਅਸਲਾ ਐਕਟ, 302,452,212,216,1208,148,149 ਆਈ.ਪੀ.ਸੀ. 17,18,188,19,20 ਯੂ.ਏ.ਪੀ.ਏ. ਥਾਣਾ ਸਦਰ ਜਗਰਾਓਂ, ਲੁਧਿਆਣਾ ਦਿਹਾਤੀ।